ਵਾਸ਼ਿੰਗਟਨ, 10 ਫਰਵਰੀ
ਅਮਰੀਕਾ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਭਾਰਤ-ਚੀਨ ਸਰਹੱਦ ’ਤੇ ਬਣੀ ਸਥਿਤੀ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਮੀਡੀਆ ਨੂੰ ਦੱਸਿਆ ਕਿ ਪੇਈਚਿੰਗ ਵੱਲੋਂ ਜਿਸ ਤਰ੍ਹਾਂ ਆਪਣੇ ਗੁਆਂਢੀਆਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਬਾਰੇ ਅਮਰੀਕਾ ਫ਼ਿਕਰਮੰਦ ਹੈ। ਅਧਿਕਾਰੀ ਨੇ ਕਿਹਾ ਕਿ ਭਾਰਤ ਤੇ ਚੀਨ ਸਰਕਾਰ ਵਿਚਾਲੇ ਹੋ ਰਹੀ ਵਾਰਤਾ ਦਾ ਅਮਰੀਕਾ ਸਮਰਥਨ ਕਰਦਾ ਹੈ ਤੇ ਚਾਹੁੰਦਾ ਹੈ ਕਿ ਸਰਹੱਦੀ ਮਸਲੇ ਦਾ ਸ਼ਾਂਤੀਪੂਰਨ ਹੱਲ ਨਿਕਲੇ।
ਪ੍ਰਾਈਸ ਨੇ ਕਿਹਾ ਕਿ ਅਮਰੀਕਾ ਹਮੇਸ਼ਾ ਮਿੱਤਰ ਮੁਲਕਾਂ ਨਾਲ ਖੜ੍ਹਦਾ ਹੈ, ਅਸੀਂ ਆਪਣੇ ਭਾਈਵਾਲਾਂ ਨਾਲ ਖੜ੍ਹਾਂਗੇ। ਭਾਰਤੀ-ਪ੍ਰਸ਼ਾਂਤ ਖਿੱਤੇ ਦਾ ਜ਼ਿਕਰ ਕਰਦਿਆਂ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਸਾਂਝੀ ਖ਼ੁਸ਼ਹਾਲੀ, ਸੁਰੱਖਿਆ ਤੇ ਕਦਰਾਂ-ਕੀਮਤਾਂ ਲਈ ਉਨ੍ਹਾਂ ਦਾ ਮੁਲਕ ਸਹਿਯੋਗੀਆਂ ਦਾ ਸਾਥ ਦੇਵੇਗਾ। ਬੁਲਾਰੇ ਨੇ ਕਿਹਾ ਕਿ ਲੋਕਤੰਤਰਿਕ ਕਦਰਾਂ-ਕੀਮਤਾਂ ਪ੍ਰਤੀ ਸਾਂਝੀ ਵਚਨਬੱਧਤਾ ਬਾਰੇ ਵੀ ਅਮਰੀਕਾ ਲਗਾਤਾਰ ਭਾਰਤ ਸਰਕਾਰ ਨਾਲ ਰਾਬਤਾ ਕਰਦਾ ਹੈ।
-ਪੀਟੀਆਈ
ਕਿਸਾਨ ਅੰਦੋਲਨ ਦੇ ਸਵਾਲ ’ਤੇ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਹਵਾਲਾ
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੂੰ ਮੀਡੀਆ ਨੇ ਭਾਰਤ ਵਿਚ ਜਾਰੀ ਕਿਸਾਨਾਂ ਦੇ ਅੰਦੋਲਨ ਅਤੇ ਮਨੁੱਖੀ ਹੱਕਾਂ ਬਾਰੇ ਵੀ ਸਵਾਲ ਕੀਤੇ। ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਲਗਾਤਾਰ ਭਾਰਤ ਸਰਕਾਰ ਨਾਲ ਰਾਬਤਾ ਕਰ ਰਹੇ ਹਨ। ਸਾਂਝੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਭਾਰਤ-ਅਮਰੀਕਾ ਰਿਸ਼ਤਿਆਂ ਦਾ ਆਧਾਰ ਹਨ।