ਵਾਸ਼ਿੰਗਟਨ: ਯੂਐੱਸ ਚੈਂਬਰਜ਼ ਆਫ਼ ਕਾਮਰਸ ਨੇ ਅਮਰੀਕਾ ਵਿੱਚ ਹੁਨਰਮੰਦ ਅਤੇ ਪੇਸ਼ੇਵਰ ਕਰਮਚਾਰੀਆਂ ਦੀ ਭਾਰੀ ਘਾਟ ਨੂੰ ਦੂਰ ਕਰਨ ਲਈ ਬਾਇਡਨ ਪ੍ਰਸ਼ਾਸਨ ਅਤੇ ਸੰਸਦ ਤੋਂ ਐੱਚ-1ਬੀ ਵੀਜ਼ਾ ਦੀ ਗਿਣਤੀ ਦੁੱਗਣੀ ਕਰਨ ਅਤੇ ਗਰੀਨ ਕਾਰਡ ਲਈ ਹਰੇਕ ਦੇਸ਼ ਦਾ ਕੋਟਾ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਐੱਚ-1ਬੀ ਵੀਜ਼ਾ ਇੱਕ ਗ਼ੈਰ-ਪਰਵਾਸੀ ਵੀਜ਼ਾ ਹੈ, ਜਿਸ ਦੀ ਮਦਦ ਨਾਲ ਅਮਰੀਕੀ ਕੰਪਨੀਆਂ ਸਿਧਾਂਤਕ ਜਾਂ ਤਕਨੀਕੀ ਮੁਹਾਰਤਾ ਦੀ ਜ਼ਰੂਰਤ ਵਾਲੇ ਵਿਸ਼ੇਸ਼ ਪੇਸ਼ਿਆਂ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀਆਂ ’ਤੇ ਰੱਖਦੀਆਂ ਹਨ। ਟੈਕਨੋਲੋਜੀ ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਲੋਕਾਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ਾ ’ਤੇ ਨਿਰਭਰ ਕਰਦੀਆਂ ਹਨ। ਯੂਐੱਸ ਚੈਂਬਰਜ਼ ਆਫ਼ ਕਾਮਰਸ ਵੱਲੋਂ ਇਸ ਮਹੀਨੇ ਸ਼ੁਰੂ ਕੀਤੀ ਗਈ ਅਮਰੀਕਾ ਵਰਕਸ ਮੁਹਿੰਮ ਤਹਿਤ ਐੱਚ-1ਬੀ ਕੋਟਾ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਕੋਟਾ ਇਸ ਸਮੇਂ 65,000 ਅਤੇ ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲਿਆਂ ਲਈ ਵੱੱਧ ਤੋਂ ਵੱਧ 20,000 ਹੈ। -ਪੀਟੀਆਈ