ਵਾਸ਼ਿੰਗਟਨ: ਅਮਰੀਕਾ ਨੇ ਫਾਈਜ਼ਰ, ਮੌਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਵਰਗੇ ਜਿਨ੍ਹਾਂ ਕੋਵਿਡ-19 ਰੋਕੂ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ ਉਹ ਭਾਰਤ ’ਚ ਮੌਜੂਦ ਕਰੋਨਾਵਾਇਰਸ ਦੀ ਬੀ-1617 ਕਿਸਮ ਖ਼ਿਲਾਫ਼ ਵੀ ਅਸਰਦਾਰ ਹਨ। ਅਮਰੀਕਾ ’ਚ ਕੌਮੀ ਵਿਗਿਆਨ ਸੰਸਥਾ ਦੇ ਡਾਇਰੈਕਟਰ ਡਾ. ਫਰਾਂਸਿਸ ਕੋਲਿਨਜ਼ ਨੇ ਕਿਹਾ ਕਿ ਇਹ ਵਿਸ਼ਲੇਸ਼ਣ ਕੋਵਿਡ-19 ਦੀ ਭਾਰਤੀ ਕਿਸਮ ਤੇ ਅਮਰੀਕਾ ਵੱਲੋਂ ਪ੍ਰਵਾਨਗੀ ਹਾਸਲ ਤਿੰਨ ਮੁੱਖ ਟੀਕਿਆਂ ਬਾਰੇ ਤਾਜ਼ਾ ਅੰਕੜਿਆਂ ’ਤੇ ਆਧਾਰਿਤ ਹੈ। ਕੋਲਿਨਜ਼ ਨੇ ਮੀਡੀਆ ਨੂੰ ਕਿਹਾ, ‘ਅੰਕੜੇ ਆ ਰਹੇ ਹਨ ਅਤੇ ਇਹ ਹੌਸਲਾ ਵਧਾਉਣ ਵਾਲੀ ਗੱਲ ਹੈ ਕਿ ਅਮਰੀਕਾ ਵੱਲੋਂ ਪ੍ਰਵਾਨਗੀ ਹਾਸਲ ਟੀਕੇ ਫਾਈਜ਼ਰ, ਮੌਡਰਨਾ, ਜੇਐਂਡਜੇ ਬੀ1617 ਨਾਂ ਦੀ ਇਸ ਕਿਸਮ ਖ਼ਿਲਾਫ਼ ਵੀ ਅਸਰਦਾਰ ਹਨ।’ ਇਸ ਹਫ਼ਤੇ ਦੀ ਸ਼ੁਰੂਆਤ ’ਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਕਿਹਾ ਸੀ ਕਿ ਭਾਰਤ ’ਚ ਪਿਛਲੇ ਸਾਲ ਪਹਿਲੀ ਵਾਰ ਸਾਹਮਣੇ ਆਈ ਕਰੋਨਾਵਾਇਰਸ ਦੀ ਬੀ1617 ਕਿਸਮ 44 ਮੁਲਕਾਂ ’ਚ ਮਿਲੀ ਹੈ ਅਤੇ ਕਰੋਨਾ ਦੀ ਇਹ ਕਿਸਮ ਚਿੰਤਾ ਵਾਲੀ ਗੱਲ ਹੈ। ਡਬਲਿਊਐੱਚਓ ਨੇ ਕਿਹਾ ਕਿ ਬੀ1617 ’ਚ ਲਾਗ ਫੈਲਣ ਦੀ ਦਰ ਵੱਧ ਹੈ। -ਪੀਟੀਆਈ