ਲੰਡਨ, 11 ਅਕਤੂਬਰ
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੱਜ ਕਿਹਾ ਕਿ ਯੂਕਰੇਨ ’ਚ ਚੱਲ ਰਹੀ ਜੰਗ ’ਚ ਲੰਮੇ ਸਮੇਂ ਤੋਂ ਅਮਰੀਕਾ ਸ਼ਾਮਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਸਕੋ ਪੱਛਮੀ ਮੁਲਕਾਂ ਨਾਲ ਯੂਕਰੇਨ ਦੇ ਮਸਲੇ ’ਤੇ ਖੁੱਲ੍ਹੀ ਗੱਲਬਾਤ ਲਈ ਤਿਆਰ ਸੀ ਪਰ ਇਸ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਰੂਸ ਦੇ ਵਿਦੇਸ਼ ਮੰਤਰੀ ਨੇ ਇੱਥੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਮਰੀਕੀ ਇਸ ਜੰਗ ’ਚ ਲੰਮੇ ਸਮੇਂ ਤੋਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਜੰਗ ਨੂੰ ਅਮਰੀਕੀ ਕੰਟਰੋਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਵਾਈਟ ਹਾਊਸ ਦੇ ਕੌਮੀ ਸੁਰੱਖਿਆ ਬੁਲਾਰੇ ਜੌਹਨ ਕਿਰਬੀ ਦਾ ਕਹਿਣਾ ਹੈ ਕਿ ਅਮਰੀਕਾ ਗੱਲਬਾਤ ਲਈ ਤਿਆਰ ਹੈ ਪਰ ਰੂਸ ਇਸ ਤੋਂ ਇਨਕਾਰ ਕਰ ਰਿਹਾ ਹੈ। ਇਸ ਬਾਰੇ ਲਾਵਰੋਵ ਨੇ ਕਿਹਾ, ‘ਇਹ ਝੂਠ ਹੈ। ਸਾਡੇ ਨਾਲ ਸੰਪਰਕ ਕਰਨ ਦੀ ਕੋਈ ਗੰਭੀਰ ਕੋਸ਼ਿਸ਼ ਨਹੀਂ ਕੀਤੀ ਗਈ।’ -ਰਾਇਟਰਜ਼
ਰੂਸ ਵੱਲੋਂ ਲਗਾਤਾਰ ਦੂਜੇ ਦਿਨ ਮਿਜ਼ਾਈਲਾਂ ਤੇ ਡਰੋਨਾਂ ਰਾਹੀਂ ਹਮਲੇ
ਕੀਵ: ਰੂਸੀ ਸੈਨਾ ਨੇ ਯੂਕਰੇਨ ’ਤੇ ਹੋਰ ਮਿਜ਼ਾਈਲ ਹਮਲੇ ਕੀਤੇ ਹਨ। ਉਨ੍ਹਾਂ ਡਰੋਨਾਂ ਨਾਲ ਵੀ ਬੰਬਾਰੀ ਕੀਤੀ ਹੈ। ਲਗਾਤਾਰ ਦੂਜੇ ਦਿਨ ਹੋਏ ਹਮਲਿਆਂ ਦੇ ਮੱਦੇਨਜ਼ਰ ਅੱਜ ਚਿਤਾਵਨੀ ਸਾਇਰਨ ਵਜਾਏ ਗਏ। ਕੀਵ ਵਿਚ ਯੂਕਰੇਨੀ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਪਾਣੀ ਤੇ ਭੋਜਨ ਭੰਡਾਰ ਕਰਨ ਲਈ ਵੀ ਕਿਹਾ ਹੈ। ਰੂਸ ਦੇ ਹਮਲਿਆਂ ਕਾਰਨ ਕਈ ਸ਼ਹਿਰਾਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। -ਏਪੀ
ਅਮਰੀਕਾ ਤੇ ਕੈਨੇਡਾ ਵੱਲੋਂ ਯੂਕਰੇਨ ’ਤੇ ਰੂਸ ਦੇ ਹਮਲੇ ਦੀ ਨਿਖੇਧੀ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੌਲੀ ਨੇ ਕੀਵ ਸਮੇਤ ਯੂਕਰੇਨ ਦੇ ਕਈ ਸ਼ਹਿਰਾਂ ’ਤੇ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਵਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਬਿਆਨ ’ਚ ਬਾਇਡਨ ਨੇ ਕਿਹਾ ਕਿ ਇਨ੍ਹਾਂ ਹਮਲਿਆਂ ’ਚ ਆਮ ਲੋਕ ਮਾਰੇ ਗਏ ਤੇ ਜ਼ਖ਼ਮੀ ਹੋਏ ਹਨ ਅਤੇ ਇਨ੍ਹਾਂ ਥਾਵਾਂ ਨੂੰ ਬਿਨਾਂ ਕਿਸੇ ਫੌਜੀ ਮਕਸਦ ਦੇ ਨਿਸ਼ਾਨਾ ਬਣਾਇਆ ਗਿਆ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੌਲੀ ਨੇ ਰੂਸ ਦੇ ਹਮਲੇ ਨੂੰ ਯੂਕਰੇਨ ’ਤੇ ਜ਼ੁਲਮ ਦਸਦਿਆਂ ਇਸ ਦੀ ਆਲੋਚਨਾ ਕੀਤੀ ਹੈ। -ਆਈਏਐੱਨਐੱਸ