ਵਾਸ਼ਿੰਗਟਨ, 28 ਜੂਨ
ਅਮਰੀਕੀ ਫ਼ੌਜ ਨੇ ਇਰਾਨ ਦੀ ਹਮਾਇਤ ਪ੍ਰਾਪਤ ਸੰਗਠਨਾਂ ਨੂੰ ਸੀਰੀਆ ਵਿਚ ਹਵਾਈ ਹਮਲਿਆਂ ਨਾਲ ਨਿਸ਼ਾਨਾ ਬਣਾਇਆ ਹੈ। ਇਹ ਹਮਲੇ ਇਰਾਕ ਤੇ ਸੀਰੀਆ ਦੀ ਸਰਹੱਦ ਨੇੜੇ ਕੀਤੇ ਗਏ ਹਨ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਦੱਸਿਆ ਕਿ ‘ਮਿਲੀਸ਼ੀਆ’ ਕਈ ਟਿਕਾਣਿਆਂ ਦਾ ਇਸਤੇਮਾਲ ਅਮਰੀਕੀ ਸੈਨਾ ਨੂੰ ਇਰਾਕ ਵਿਚ ਨਿਸ਼ਾਨਾ ਬਣਾਉਣ ਲਈ ਕਰ ਰਹੀ ਸੀ। ਕਿਰਬੀ ਨੇ ਕਿਹਾ ਕਿ ਅਮਰੀਕੀ ਫ਼ੌਜ ਨੇ ਤਿੰਨ ਹਥਿਆਰ ਸਟੋਰ ਕਰਨ ਵਾਲੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਦੋ ਟਿਕਾਣੇ ਸੀਰੀਆ ਵਿਚ ਤੇ ਇਕ ਇਰਾਕ ਵਿਚ ਹੈ। ਅਮਰੀਕਾ ਨੇ ਇਨ੍ਹਾਂ ਹਮਲਿਆਂ ਨੂੰ ਆਪਣੀ ਰੱਖਿਆ ਵਜੋਂ ਚੁੱਕੇ ਗਏ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਮਿਲੀਸ਼ੀਆ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਕੀਤੀ ਗਈ ਹੈ। ਕਿਰਬੀ ਨੇ ਕਿਹਾ ਕਿ ਅਮਰੀਕਾ ਨੇ ਜ਼ਰੂਰੀ ਤੇ ਢੁੱਕਵਾਂ ਕਦਮ ਚੁੱਕਿਆ ਹੈ। ਇਸ ਨਾਲ ਹਾਲਾਤ ਹੋਰ ਖਰਾਬ ਹੋਣ ਤੋਂ ਬਚਾਅ ਹੋਵੇਗਾ ਤੇ ਨਾਲ ਹੀ ਸਖ਼ਤ ਸੁਨੇਹਾ ਵੀ ਦਿੱਤਾ ਗਿਆ ਹੈ। -ਏਪੀ