ਵਾਸ਼ਿੰਗਟਨ, 27 ਫਰਵਰੀ
ਅਮਰੀਕਾ ਵਿਚ ਕੁਝ ਬਾਰ ਤੇ ਸ਼ਰਾਬ ਦੇ ਠੇਕੇ ਅਨੋਖੇ ਢੰਗ ਨਾਲ ਰੂਸ ਦਾ ਵਿਰੋਧ ਕਰ ਰਹੇ ਹਨ। ਯੂਕਰੇਨ ’ਤੇ ਹਮਲਾ ਕਰਨ ਦੇ ਵਿਰੋਧ ਵਿਚ ਉਨ੍ਹਾਂ ਰੂਸੀ ਵੋਦਕਾ (ਸ਼ਰਾਬ) ਨੂੰ ਕਾਊਂਟਰ ਤੋਂ ਹਟਾ ਦਿੱਤਾ ਹੈ ਤੇ ਯੂਕਰੇਨੀ ਬਰਾਂਡ ਵੇਚੇ ਜਾ ਰਹੇ ਹਨ। ਮਿਸ਼ੀਗਨ ਵਿਚਲੇ ਬੌਬਸ ਬਾਰ ਦੇ ਮਾਲਕ ਬੌਬ ਕੁਆਏ ਨੇ ਕਿਹਾ ਕਿ ਬੇਸ਼ੱਕ ਅਮਰੀਕੀ ਸਰਕਾਰ ਪਾਬੰਦੀਆਂ ਲਾ ਰਹੀ ਹੈ ਪਰ ਉਨ੍ਹਾਂ ਆਪਣਾ ਢੰਗ ਚੁਣਿਆ ਹੈ। ਉਨ੍ਹਾਂ ਰੂਸ ਦੇ ਬਰਾਂਡ ਹਟਾ ਕੇ ਯੂਕਰੇਨ ਦੀ ਵੈਕਟਰ ਨੂੰ ਥਾਂ ਦੇਣੀ ਸ਼ੁਰੂ ਕਰ ਦਿੱਤੀ ਹੈ। ਬਾਰ ਮਾਲਕ ਨੇ ਕਿਹਾ ਕਿ ਉਨ੍ਹਾਂ ਯੂਕਰੇਨ ਦੀ ਹਮਾਇਤ ਵਿਚ ਸਾਈਨਬੋਰਡ ਵੀ ਲਾਇਆ ਹੈ ਤੇ ਕਈ ਲੋਕ ਅਜਿਹੇ ਆ ਰਹੇ ਹਨ ਜਿਹੜੇ ਪਹਿਲਾਂ ਕਦੇ ਨਹੀਂ ਆਏ। ਦੱਖਣੀ ਕੈਰੋਲੀਨਾ ਦਾ ਇਕ ਸ਼ਰਾਬ ਕਾਰੋਬਾਰੀ ਵੀ ਅਜਿਹਾ ਹੀ ਕਰ ਰਿਹਾ ਹੈ ਤੇ ਉੱਥੇ ਯੂਕਰੇਨੀ ਵੋਦਕਾ ‘ਕੋਜ਼ੈਕ’ ਧੜਾਧੜ ਵਿਕ ਰਹੀ ਹੈ। ਇਸ ਤੋਂ ਇਲਾਵਾ ਵਰਮੌਂਟ ਵਿਚ ਵੀ ਅਜਿਹਾ ਹੀ ਵਿਰੋਧ ਦੇਖਿਆ ਗਿਆ ਹੈ। ਓਹਾਇਓ ਦੇ ਗਵਰਨਰ ਨੇ ਹੁਕਮ ਦਿੱਤਾ ਹੈ ਕਿ ਰੂਸੀ ਸਟੈਂਡਰਡ ਦੀ ਵੋਡਕਾ ਜ਼ਬਤ ਕਰ ਲਈ ਜਾਵੇ। ਨਿਊ ਹੈਂਪਸ਼ਾਇਰ ਦੇ ਗਵਰਨਰ ਨੇ ਵੀ ਰੂਸ ਦੀ ਬਣੀ ਬਰਾਂਡਿਡ ਸ਼ਰਾਬ ਨੂੰ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ। ਕੈਨੇਡਾ ਵਿਚ ਓਂਟਾਰੀਓ ਦੇ ‘ਲਿਕਰ ਕੰਟਰੋਲ ਬੋਰਡ’ ਨੇ ਐਲਾਨ ਕੀਤਾ ਹੈ ਕਿ ਉਹ ਸੂਬੇ ਦੇ 679 ਸਟੋਰਾਂ ਤੋਂ ਰੂਸ ਦੇ ਬਣੇ ਸਾਰੇ ਉਤਪਾਦ ਹਟਾ ਲਏਗਾ। ਉਨ੍ਹਾਂ ਕਿਹਾ ਕਿ ਉਹ ਯੂਕਰੇਨ ਦੇ ਨਾਲ ਖੜ੍ਹੇ ਹਨ। -ਏਪੀ