ਜਨੇਵਾ, 2 ਮਾਰਚ
ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਇਹ ਸੋਚਣਾ ਕਿ ਕਰੋਨਾ ਮਹਾਮਾਰੀ ਇਸ ਸਾਲ ਦੇ ਅੰਤ ਤਕ ਖਤਮ ਹੋ ਜਾਵੇਗੀ, ਸਿਰਫ ਇੱਕ ‘ਕਿਆਸਅਰਾਈ’ ਅਤੇ ‘ਝੂਠੀ’ ਗੱਲ ਹੋਵੇਗੀ। ਹਾਲਾਂਕਿ ਨਵੇਂ ਆਏ ਅਸਰਦਾਰ ਟੀਕਿਆਂ ਨਾਲ ਹਸਪਤਾਲਾਂ ’ਚ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਘਟੀ ਹੈ।
ਡਬਲਿਊਐੱਚਓ ਦੇ ਐਮਰਜੈਂਸੀ ਪ੍ਰੋਗਰਾਮ ਡਾਇਰੈਕਟਰ ਮਾਈਕਲ ਰਯਾਨ ਨੇ ਅੱਜ ਕਿਹਾ ਕਿ ਦੁਨੀਆ ਨੂੰ ਹੁਣ ਸਿਰਫ ਕਰੋਨਾ ਲਾਗ ਦਾ ਪਾਸਾਰ ਹੋਣ ਤੋਂ ਰੋਕਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਜੇਕਰ ਅਸੀਂ ਬੁੱਧੀਮਾਨ ਹਾਂ ਤਾਂ ਅਸੀਂ ਇਸ ਸਾਲ ਦੇ ਅੰਤ ਤੱਕ ਇਸ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਤੇ ਹਸਪਤਾਲਾਂ ’ਚ ਮਰੀਜ਼ਾਂ ਦਾ ਵਾਧਾ ਤੇ ਇਸ ਨਾਲ ਸਬੰਧਤ ਤ੍ਰਾਸਦੀ ਨੂੰ ਰੋਕ ਸਕਦੇ ਹਾਂ।’ ਰਯਾਨ ਨੇ ਕਿਹਾ, ‘ਵਾਇਰਸ ਹੁਣ ਥੋੜ੍ਹਾ ਕੰਟਰੋਲ ਵਿੱਚ ਹੈ ਪਰ ਸਾਨੂੰ ਕਰੋਨਾ ਲਾਗ ਦਾ ਪਾਸਾਰ ਰੋਕਣ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।’ ਮਹਾਮਾਰੀ ਦੇ ਬਦਲਦੇ ਸਰੂਪ ਬਾਰੇ ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਚੀਜ਼ ਦੀ ਵੀ ਗਾਰੰਟੀ ਨਹੀਂ ਹੈ। -ਏਪੀ