ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ਼ ਨੇ ਸ਼ਾਂਤੀ ਦੂਤਾਂ ਲਈ ਕੋਵਿਡ-19 ਦੇ ਟੀਕਿਆਂ ਦੀਆਂ ਦੋ ਲੱਖ ਖੁਰਾਕਾਂ ਭੇਟ ਕਰਨ ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਜਨਰਲ ਸਕੱਤਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਦੂਤਾਂ ਲਈ ਕੋਵਿਡ-19 ਦੇ ਟੀਕੇ ਦੀਆਂ ਦੋ ਲੱਖ ਖੁਰਾਕਾਂ ਦੇਣ ਦਾ ਐਲਾਨ ਕੀਤਾ ਸੀ। ਜੈ ਸ਼ੰਕਰ ਨੇ ਕਿਹਾ ਸੀ ਕਿ, ‘ਇਹ ਧਿਆਨ ਰੱਖਦਿਆਂ ਕਿ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਦੂਤ ਕਿਹੜੀਆਂ ਮੁਸ਼ਕਿਲ ਹਾਲਤਾਂ ’ਚ ਕੰਮ ਕਰਦੇ ਹਲ, ਅਸੀਂ ਅੱਜ ਉਨ੍ਹਾਂ ਲਈ ਦੋ ਲੱਖ ਖੁਰਾਕਾਂ ਭੇਟ ਕਰਨ ਦਾ ਐਲਾਨ ਕਰਦੇ ਹਾਂ।’ ਜਨਰਲ ਸਕੱਤਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ, ‘ਭਾਰਤੀ ਵਫ਼ਦ ਦੀ ਇਸ ਭੇਟ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਸੰਯੁਕਤ ਰਾਸ਼ਟਰ ਦਾ ਸਹਿਯੋਗ ਵਿਭਾਗ ਇਹ ਟੀਕੇ ਵੰਡਣ ਦਾ ਕੰਮ ਕਰੇਗਾ।’ ਭਾਰਤ ਦੇ ਦੋ ਲੱਖ ਟੀਕਿਆਂ ਦਾ ਮਤਲਬ ਹੈ ਕਿ ਸੰਯੁਕਤ ਰਾਸ਼ਟਰ ਮਿਸ਼ਨ ਦੇ ਸਾਰੇ ਸ਼ਾਂਤੀ ਦੂਤਾਂ ਨੂੰ ਟੀਕੇ ਦੀਆਂ ਲੋੜੀਂਦੀਆਂ ਦੋਵੇਂ ਖੁਰਾਕਾਂ ਲੱਗ ਸਕਣਗੀਆਂ। -ਪੀਟੀਆਈ