ਸੰਯੁਕਤ ਰਾਸ਼ਟਰ/ਨਵੀਂ ਦਿੱਲੀ: ਜਲਵਾਯੂ ਤਬਦੀਲੀ ਬਾਰੇ ਸੰਯੁਕਤ ਰਾਸ਼ਟਰ ਦੀ ਇਕ ਕਮੇਟੀ ਨੇ ਅੱਜ ਗੰਭੀਰ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਸੰਸਾਰ ਬੇਕਾਬੂ ਤਪਸ਼ ਦੇ ਖ਼ਤਰਨਾਕ ਤਰੀਕੇ ਨਾਲ ਨੇੜੇ ਖੜ੍ਹਾ ਹੈ- ਤੇ ਮਨੁੱਖ ਇਸ ਲਈ ‘ਬਿਨਾਂ ਸ਼ੱਕ’ ਜ਼ਿੰਮੇਵਾਰ ਹਨ। ਗ੍ਰੀਨਹਾਊਸ ਗੈਸਾਂ ਦਾ ਪੱਧਰ ਵਾਤਾਵਰਨ ਵਿਚ ਇਸ ਪੱਧਰ ਤੱਕ ਵੱਧ ਚੁੱਕਾ ਹੈ ਕਿ ਇਹ ਦਹਾਕਿਆਂ ਤੱਕ ਜਲਵਾਯੂ ਵਿਚ ਤਬਦੀਲੀਆਂ ਲਿਆਉਣ ਲਈ ਕਾਫ਼ੀ ਹੈ। ਵਿਗਿਆਨੀਆਂ ਨੇ ਇਹ ਚਿਤਾਵਨੀ ਜਲਵਾਯੂ ਤਬਦੀਲੀ ਬਾਰੇ ਕਈ ਸਰਕਾਰਾਂ ਦੀ ਸ਼ਮੂਲੀਅਤ ਵਾਲੀ ਕਮੇਟੀ ਦੀ ਰਿਪੋਰਟ ਵਿਚ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜਾਨਲੇਵਾ ਗਰਮੀ, ਜ਼ੋਰਦਾਰ ਤੂਫ਼ਾਨ ਤੇ ਮੌਸਮ ਵਿਚ ਹੋਰ ਸਖ਼ਤ ਤਬਦੀਲੀਆਂ ਜੋ ਹੁਣ ਵਾਪਰ ਰਹੀਆਂ ਹਨ, ਇਹ ਅੱਗੇ ਜਾ ਕੇ ਹੋਰ ਖ਼ਤਰਨਾਕ ਹੋ ਜਾਣਗੀਆਂ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਇਸ ਰਿਪੋਰਟ ਨੂੰ ਮਨੁੱਖਤਾ ਲਈ ‘ਕੋਡ ਰੈੱਡ’ ਕਰਾਰ ਦਿੱਤਾ ਹੈ। ਗੁਟੇਰੇਜ਼ ਨੇ ਬੇਨਤੀ ਕੀਤੀ ਹੈ ਕਿ ਕੋਲੇ ਤੇ ਹੋਰ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਨ ਵਾਲੇ ਜੈਵਿਕ ਈਂਂਧਣ ਦੀ ਵਰਤੋਂ ਬੰਦ ਕਰ ਦਿੱਤੀ ਜਾਵੇ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਿੰਦ ਮਹਾਸਾਗਰ ਹੋਰਨਾਂ ਸਾਗਰਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਵਿਚ ਗਰਮੀ ਵਧੇਗੀ ਤੇ ਹੋਰ ਹੜ੍ਹ ਆਉਣਗੇ। ਇਸ ਦਾ ਜਲਵਾਯੂ ਉਤੇ ਅਜਿਹਾ ਅਸਰ ਪਵੇਗਾ ਜੋ ਪਲਟਾਇਆ ਨਹੀਂ ਜਾ ਸਕੇਗਾ। ਰਿਪੋਰਟ ਮੁਤਾਬਕ ਸਮੁੰਦਰ ਗਰਮ ਹੋਣ ਨਾਲ ਪਾਣੀ ਦਾ ਪੱਧਰ ਵਧੇਗਾ, ਇਸ ਨਾਲ ਨੀਵੇਂ ਖੇਤਰਾਂ ਵਿਚ ਜ਼ਿਆਦਾ ਤੇ ਵੱਡੇ ਪੱਧਰ ’ਤੇ ਹੜ੍ਹ ਆਉਣਗੇ। ਵਿਗਿਆਨੀਆਂ ਮੁਤਾਬਕ ਭਾਰਤ ਵਰਗੇ ਮੁਲਕ ਵਿਚ ਗਰਮੀ ਏਅਰੋਸੋਲ ਨਿਕਾਸੀ ਕਾਰਨ ਵੀ ਵਧੀ ਹੈ। ਹਵਾ ਦੀ ਗੁਣਵੱਤਾ ਲਈ ਇਸ ਨੂੰ ਘਟਾਉਣਾ ਵੀ ਜ਼ਰੂਰੀ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਮੀਂਹ ਵੀ ਜ਼ਿਆਦਾ ਪੈਣਗੇ ਤੇ ਗਲੇਸ਼ੀਅਰ ਵੀ ਪਹਿਲਾਂ ਨਾਲੋਂ ਵੱਧ ਪਿਘਲਣਗੇ। -ਰਾਇਟਰਜ਼/ਪੀਟੀਆਈ