ਕੀਵ, 28 ਫਰਵਰੀ
ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਜਾਰੀ ਇਕ ਵੀਡੀਓ ਸੁਨੇਹੇ ਵਿੱਚ ਰੂਸ ਵੱਲੋਂ ਕੀਤੇ ਹਮਲੇ ਵਿੱਚ 16 ਯੂਕਰੇਨੀ ਬੱਚਿਆਂ ਦੇ ਮਾਰੇ ਜਾਣ ਤੇ 45 ਹੋਰਨਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। ਯੂਕਰੇਨੀ ਸਦਰ ਨੇ ਕਿਹਾ, ‘‘ਹਰ ਅਪਰਾਧ ਤੇ ਕਾਬਜ਼ਕਾਰਾਂ ਵੱਲੋਂ ਚਲਾਈ ਜਾਣ ਵਾਲੀ ਹਰੇਕ ਗੋਲੀ ਸਾਨੂੰ ਤੇ ਸਾਡੇ ਭਾਈਵਾਲਾਂ ਨੂੰ ਹੋਰ ਨਜ਼ਦੀਕ ਲਿਆਏਗੀ।’’ ਜ਼ੇਲੈਂਸਕੀ ਨੇ ਪੱਛਮੀ ਮੁਲਕਾਂ ਵੱਲੋਂ ਰੂਸ ’ਤੇ ਲਾਈਆਂ ਪਾਬੰਦੀਆਂ ਦੀ ਸ਼ਲਾਘਾ ਕੀਤੀ, ਜਿਸ ਕਰਕੇ ਡਾਲਰ ਦੇ ਮੁਕਾਬਲੇ ਰੂਸ ਦੀ ਕਰੰਸੀ ਰੂਬਲ 28 ਫੀਸਦ ਤੱਕ ਡਿੱਗ ਗਈ। ਸਦਰ ਨੇ ਦਾਅਵਾ ਕੀਤਾ ਕਿ ਪੰਜ ਦਿਨਾਂ ਦੀ ਲੜਾਈ ਦੌਰਾਨ ਹੁਣ ਤੱਕ 4500 ਰੂਸੀ ਫੌਜੀ ਮਾਰੇ ਗਏ ਹਨ। ਜ਼ੇਲੈਂਸਕੀ ਨੇ ਰੂਸੀ ਫੌਜਾਂ ਨੂੰ ਸੱਦਾ ਦਿੱਤਾ ਕਿ ਉਹ ਹਥਿਆਰ ਸੁੱਟ ਕੇ ਭੱਜ ਜਾਣ। ਉਨ੍ਹਾਂ ਕਿਹਾ, ‘‘ਆਪਣੇ ਕਮਾਂਡਰਾਂ ’ਤੇ ਯਕੀਨ ਨਾ ਕਰੋ ਤੇ ਆਪਣੀਆਂ ਜਾਨਾਂ ਬਚਾ ਕੇ ਭੱਜੋ।’’