ਕੀਵ, 23 ਮਈ
ਯੂਕਰੇਨੀ ਆਮ ਨਾਗਰਿਕ ਨੂੰ ਮਾਰਨ ਦੇ ਦੋਸ਼ ਹੇਠ ਇਥੋਂ ਦੀ ਇਕ ਅਦਾਲਤ ਨੇ ਰੂਸੀ ਫ਼ੌਜੀ ਸਾਰਜੈਂਟ ਵਾਦਿਮ ਸ਼ਿਸ਼ੀਮਾਰੀਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਯੂਕਰੇਨ ਵੱਲੋਂ ਜੰਗੀ ਅਪਰਾਧ ਦਾ ਚਲਾਇਆ ਗਿਆ ਇਹ ਪਹਿਲਾ ਮੁਕੱਦਮਾ ਸੀ।
ਸ਼ਿਸ਼ੀਮਾਰੀਨ ’ਤੇ ਸੂਮੀ ਖ਼ਿੱਤੇ ਦੇ ਇਕ ਪਿੰਡ ’ਚ ਨਿਹੱਥੇ ਯੂਕਰੇਨੀ ਬਜ਼ੁਰਗ ਨੂੰ ਗੋਲੀ ਮਾਰਨ ਦਾ ਦੋਸ਼ ਹੈ। ਉਸ ਨੇ ਕਬੂਲ ਕੀਤਾ ਕਿ ਸੀਨੀਅਰ ਅਧਿਕਾਰੀਆਂ ਤੋਂ ਹੁਕਮ ਮਿਲਣ ਮਗਰੋਂ ਉਸ ਨੇ ਵਿਅਕਤੀ ਨੂੰ ਗੋਲੀ ਮਾਰੀ ਸੀ। ਅਦਾਲਤ ’ਚ ਉਸ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਸੈੱਲਫੋਨ ’ਤੇ ਗੱਲਬਾਤ ਕਰ ਰਿਹਾ ਸੀ ਅਤੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਹ ਰੂਸੀ ਫ਼ੌਜ ਦੀ ਸਥਿਤੀ ਬਾਰੇ ਜਾਣਕਾਰੀ ਯੂਕਰੇਨੀ ਫ਼ੌਜ ਨੂੰ ਦੇ ਸਕਦਾ ਹੈ।
ਇਸ ਲਈ ਉਸ ਨੂੰ ਮਾਰ ਦਿੱਤਾ ਜਾਵੇ। ਉਧਰ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਦਾਵੋਸ (ਸਵਿਟਜ਼ਰਲੈਂਡ) ’ਚ ਵਿਸ਼ਵ ਆਰਥਿਕ ਫੋਰਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਸੱਦਾ ਦਿੱਤਾ ਕਿ ਰੂਸ ਖ਼ਿਲਾਫ਼ ਵਧ ਤੋਂ ਵਧ ਪਾਬੰਦੀਆਂ ਲਾਈਆਂ ਜਾਣ। ਉਨ੍ਹਾਂ ਕਿਹਾ ਕਿ ਰੂਸ ਦੇ ਹਮਲੇ ਨੂੰ ਰੋਕਣ ਲਈ ਤੇਲ ’ਤੇ ਰੋਕ ਦੇ ਨਾਲ ਨਾਲ ਰੂਸ ਨਾਲ ਹਰ ਤਰ੍ਹਾਂ ਦਾ ਵਪਾਰ ਬੰਦ ਕੀਤਾ ਜਾਵੇ।
ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੇ ਰੂਸੀ ਹਮਲੇ ਖ਼ਿਲਾਫ਼ ਇਕਜੁੱਟਤਾ ਦਿਖਾਈ ਹੈ। ਇਸ ਦੌਰਾਨ ਯੂਕਰੇਨ ਦੀ ਸੰਸਦ ਨੇ ਮੁਲਕ ’ਚ ਮਾਰਸ਼ਲ ਲਾਅ 23 ਅਗਸਤ ਤੱਕ ਵਧਾ ਦਿੱਤਾ ਹੈ। ਜ਼ੇਲੈਂਸਕੀ ਨੇ ਇਹ ਵੀ ਦਾਅਵਾ ਕੀਤਾ ਕਿ ਪੂਰਬ ’ਚ 50 ਤੋਂ 100 ਯੂਕਰੇਨੀ ਫ਼ੌਜੀ ਰੋਜ਼ਾਨਾ ਮਾਰੇ ਜਾ ਰਹੇ ਹਨ। -ਏਪੀ
ਮਹਿਲਾ ਸੰਸਦ ਮੈਂਬਰਾਂ ਨੇ ਨਾਟੋ ਵਰਗੇ ਹਥਿਆਰ ਮੰਗੇ
ਦਾਵੋਸ: ਯੂਕਰੇਨ ਦੀਆਂ ਪੰਜ ਮਹਿਲਾ ਸੰਸਦ ਮੈਂਬਰਾਂ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੰਗ ਜਿੱਤਣ ਦਾ ਅਰਥ ਕ੍ਰੀਮੀਆ ਦੀ ਵਾਪਸੀ ਹੋਵੇਗੀ ਜਿਸ ’ਤੇ ਰੂਸ ਨੇ ਕੁਝ ਵਰ੍ਹੇ ਪਹਿਲਾਂ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਪੱਛਮੀ ਮੁਲਕਾਂ ਨੂੰ ਜੰਗ ਜਿੱਤਣ ਲਈ ਮਾਨਵੀ, ਵਿੱਤੀ ਅਤੇ ਹਥਿਆਰਾਂ ਦੇ ਰੂਪ ’ਚ ਯੂਕਰੇਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਰੂਸ ਭਵਿੱਖ ’ਚ ਮੁਲਕ ਦੇ ਹੋਰ ਹਿੱਸਿਆਂ ’ਚ ਜੰਗ ਨਾ ਛੇੜ ਸਕੇ। ਸੰਸਦ ਮੈਂਬਰਾਂ ਨੇ ਕਿਹਾ ਕਿ ਰੂਸੀ ਹਮਲੇ ਕਾਰਨ ਲੱਖਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਪੱਛਮੀ ਮੀਡੀਆ ਨੂੰ ਰੂਸੀ ਪ੍ਰੋਪੇਗੰਡਾ ਖ਼ਿਲਾਫ਼ ਵੀ ਚੌਕਸ ਰਹਿਣ ਲਈ ਕਿਹਾ। ਇਕ ਸੰਸਦ ਮੈਂਬਰ ਨੇ ਕਿਹਾ ਕਿ ਯੂਕਰੇਨ ਨੂੰ ਹਮਾਇਤ ਦੇਣਾ ਬੰਦ ਨਾ ਕੀਤਾ ਜਾਵੇ ਸਗੋਂ ਉਸ ਨੂੰ ਨਾਟੋ ਵਰਗੇ ਹਥਿਆਰ ਸਪਲਾਈ ਕਰਨ ਦੀ ਲੋੜ ਹੈ। -ਪੀਟੀਆਈ