ਕੀਵ, 12 ਜੂਨ
ਯੂਕਰੇਨ ਦੇ ਲੋਕਾਂ ਵੱਲੋਂ ਕੀਵ ਦੇ 15 ਸਾਲਾ ਨੌਜਵਾਨ ਆਂਦਰੇਈ ਪੋਕਰਾਸਾ ਅਤੇ ਉਸ ਦੇ ਪਿਤਾ ਸਤਾਨੀਸਲਾਵ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਡਰੋਨ ਜ਼ਰੀਏ ਰੂਸੀ ਫ਼ੌਜਾਂ ਦੀਆਂ ਤਸਵੀਰਾਂ ਅਤੇ ਟਿਕਾਣਾ ਯੂਕਰੇਨੀ ਫ਼ੌਜ ਨਾਲ ਸਾਂਝਾ ਕੀਤਾ ਅਤੇ ਦੇਸ਼ ਦੇ ਸੁਰੱਖਿਆ ਬਲਾਂ ਨੇ ਮੌਕਾ ਸੰਭਾਲਦਿਆਂ ਉਨ੍ਹਾਂ ’ਤੇ ਤੁਰੰਤ ਹਮਲਾ ਕਰ ਕੇ ਤਬਾਹ ਕਰ ਦਿੱਤਾ। ਜਾਣਕਾਰੀ ਅਨੁਸਾਰ ਜੰਗ ਦੇ ਸ਼ੁਰੂਆਤੀ ਦਿਨਾਂ ਵਿੱਚ ਯੂਕਰੇਨ ਵਿੱਚ ਜਿਵੇਂ ਹੀ ਇੱਕ ਨੌਜਵਾਨ ਅਤੇ ਉਸ ਦੇ ਪਿਤਾ ਨੇ ਰੂਸੀ ਟੈਂਕ ਅਤੇ ਟਰੱਕ ਆਪਣੇ ਪਿੰਡ ਵੱਲ ਆਉਂਦੇ ਦੇਖੇ ਤਾਂ ਉਨ੍ਹਾਂ ਤੁਰੰਤ ਹਵਾ ਵਿੱਚ ਡਰੋਨ ਉਡਾ ਦਿੱਤਾ। ਉਨ੍ਹਾਂ ਕੀਵ ਵੱਲ ਵਧਦੀਆਂ ਬਖਤਰਬੰਦ ਗੱਡੀਆਂ ਦੀਆਂ ਡਰੋਨ ਰਾਹੀਂ ਤਸਵੀਰਾਂ ਲਈਆਂ ਅਤੇ ਇਸ ਦੀ ਸੂਚਨਾ ਯੂਕਰੇਨ ਫ਼ੌਜ ਨਾਲ ਸਾਂਝੀ ਕੀਤੀ। ਇਸ ਮਗਰੋਂ ਮਿੰਟਾਂ ਵਿੱਚ ਹੀ ਯੂਕਰੇਨੀ ਫ਼ੌਜ ਨੇ ਇਨ੍ਹਾਂ ਰੂਸੀ ਟੈਂਕਾਂ ਅਤੇ ਟਰੱਕਾਂ ’ਤੇ ਹਮਲਾ ਕਰ ਦਿੱਤਾ। ਆਂਦਰੇਈ ਅਤੇ ਉਸ ਦੇ ਪਿਤਾ ਵੱਲੋਂ ਕੀਤੇ ਗਏ ਇਸ ਕਾਰਜ ਦੀ ਯੂਕਰੇਨ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਜੇ ਰੂਸੀ ਫ਼ੌਜ ਨੂੰ ਇਸ ਜਾਸੂਸੀ ਬਾਰੇ ਪਤਾ ਲੱਗ ਜਾਂਦਾ ਤਾਂ ਉਨ੍ਹਾਂ ਦੇ ਫੜੇ ਜਾਣ ਦਾ ਖ਼ਤਰਾ ਸੀ ਜਾਂ ਇਸ ਤੋਂ ਵੀ ਮਾੜਾ ਹੋ ਸਕਦਾ ਸੀ। ਆਂਦਰੇਈ ਨੇ ਪੱਤਰਕਾਰਾਂ ਦੀ ਟੀਮ ਨੂੰ ਅੱਜ ਡਰੋਨ ਉਡਾ ਕੇ ਦਿਖਾਇਆ ਅਤੇ ਕਿਹਾ, ‘‘ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਡਰਾਉਣੇ ਪਲ ਸਨ।’’ ਨੌਜਵਾਨ ਦੇ ਪਿਤਾ ਸਤਾਨੀਸਲਾਵ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਬਲਾਂ ਨੇ 20 ਤੋਂ ਵੱਧ ਰੂਸੀ ਫ਼ੌਜ ਦੇ ਵਾਹਨ ਤਬਾਹ ਕੀਤੇ। -ਏਪੀ