ਕੀਵ, 24 ਅਗਸਤ
ਯੂਕਰੇਨ ਨੇ ਅੱਜ ਆਪਣਾ ਆਜ਼ਾਦੀ ਦਿਹਾੜਾ ਮਨਾਇਆ। ਯੂਕਰੇਨ ਨੇ 1991 ਵਿਚ ਸੋਵੀਅਤ ਸੰਘ ਤੋਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਅੱਜ ਰੂਸ ਵੱਲੋਂ ਕੀਤੇ ਹਮਲੇ ਨੂੰ ਵੀ ਪੂਰੇ ਛੇ ਮਹੀਨੇ ਹੋ ਗਏ ਹਨ। ਕੀਵ ਵਾਸੀਆਂ ਦੀ ਨੀਂਦ ਅੱਜ ਸਵੇਰੇ ਹਵਾਈ ਹਮਲਿਆਂ ਦੇ ਸਾਇਰਨ ਨਾਲ ਖੁੱਲ੍ਹੀ। ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਰੂਸ ਵੱਲੋਂ ਜ਼ੋਰਦਾਰ ਹਮਲੇ ਕੀਤੇ ਜਾਣ ਦਾ ਡਰ ਹੈ। ਪ੍ਰਸ਼ਾਸਨ ਨੇ ਸ਼ਹਿਰ ਵਿਚ ਵੀਰਵਾਰ ਤੱਕ ਵੱਡੇ ਇਕੱਠਾਂ ਉਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਛੁੱਟੀ ਹੋਣ ਕਾਰਨ ਰੂਸ ਮਿਜ਼ਾਈਲਾਂ ਨਾਲ ਹਮਲੇ ਕਰ ਸਕਦਾ ਹੈ। ਜ਼ੈਲੇਂਸਕੀ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਸਾਇਰਨ ਧਿਆਨ ਨਾਲ ਸੁਣੇ ਜਾਣ ਤੇ ਕਰਫਿਊ ਦੀ ਪਾਲਣਾ ਕੀਤੀ ਜਾਵੇ। ਕੀਵ ਦੇ ਸੈਂਟਰਲ ਸਕੁਏਅਰ ਵਿਚ ਤਬਾਹ ਹੋਏ ਕੁਝ ਰੂਸੀ ਟੈਂਕ ਤੇ ਹੋਰ ਸਾਜ਼ੋ-ਸਾਮਾਨ ਰੱਖਿਆ ਗਿਆ ਹੈ ਜਿਸ ਨੂੰ ਦੇਖਣ ਲਈ ਲੋਕ ਜੁੜਦੇ ਹਨ। ਦੱਸਣਯੋਗ ਹੈ ਕਿ ਪੂਰੇ ਛੇ ਮਹੀਨੇ ਪਹਿਲਾਂ 24 ਫਰਵਰੀ ਨੂੰ ਰੂਸ ਨੇ ਯੂਕਰੇਨ ’ਤੇ ਹੱਲਾ ਬੋਲਿਆ ਸੀ। ਜ਼ੈਲੇਂਸਕੀ ਨੇ ਆਜ਼ਾਦੀ ਦਿਹਾੜੇ ਮੌਕੇ ਕਿਹਾ, ‘24 ਫਰਵਰੀ ਨੂੰ ਸਾਨੂੰ ਕਿਹਾ ਗਿਆ ਸੀ ਕਿ ਤੁਹਾਡੇ ਕੋਲ ਕੋਈ ਮੌਕਾ ਨਹੀਂ ਬਚਿਆ। ਅੱਜ 24 ਅਗਸਤ ਨੂੰ, ਅਸੀਂ ਕਹਿੰਦੇ ਹਾਂ: ਆਜ਼ਾਦੀ ਦਿਹਾੜਾ ਮੁਬਾਰਕ ਹੋਵੇ।’ ਇਸ ਦੌਰਾਨ ਬਰਤਾਨੀਆ ਸਣੇ ਹੋਰ ਪੱਛਮੀ ਦੇਸ਼ਾਂ ਨੇ ਯੂਕਰੇਨ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਭਾਰਤ ਨੇ ਵੀ ਯੂਕਰੇਨ ਨੂੰ ਆਜ਼ਾਦੀ ਦਿਹਾੜੇ ਮੌਕੇ ਵਧਾਈ ਦਿੱਤੀ। -ਏਪੀ
ਯੂਕਰੇਨ ਦੇ ਆਜ਼ਾਦੀ ਦਿਵਸ ਸਮਾਗਮ ’ਚ ਸ਼ਾਮਲ ਹੋਏ ਜੌਹਨਸਨ
ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅੱਜ ਯੂਕਰੇਨ ਦੇ ਆਜ਼ਾਦੀ ਦਿਵਸ ਮੌਕੇ ਅਚਨਚੇਤ ਦੌਰੇ ’ਤੇ ਯੂਕਰੇਨ ਪਹੁੰਚ ਗਏ ਅਤੇ ਰੂੁਸ ਨਾਲ ਚੱਲ ਰਹੀ ਉਸ ਦੀ ਜੰਗ ਦੌਰਾਨ 5.4 ਅਰਬ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ‘ਵਹਿਸ਼ੀ ਅਤੇ ਨਾਜਾਇਜ਼ ਹਮਲੇ’ ਤੋਂ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰ ਰਹੇ ਯੂਕਰੇਨ ਨੂੰ ਬਰਤਾਨੀਆ ਵੱਲੋਂ ਦਿੱਤੇ ਜਾ ਰਹੇ ਸਮਰਥਨ ਲਈ ਵਚਨਬੱਧਤਾ ਦੁਹਰਾਉਂਦਿਆਂ ਜੌਹਨਸਨ ਨੇ ਐਲਾਨ ਕੀਤਾ ਕਿ ਯੂਕਰੇਨ ‘‘ਜਿੱਤ ਸਕਦਾ ਹੈ ਅਤੇ ਜਿੱਤੇਗਾ।’’ ਦੌਰੇ ਦੌਰਾਨ ਬੋਰਿਸ ਜੌਹਨਸਨ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਵੀ ਕੀਤੀ। -ਪੀਟੀਆਈ
ਜੰਗੀ ਤਿਆਰੀ ਲਈ ਯੂਕਰੇਨ ਦੀ ਵਿੱਤੀ ਮਦਦ ਕਰੇਗਾ ਅਮਰੀਕਾ
ਵਾਸ਼ਿੰਗਟਨ: ਬਾਇਡਨ ਪ੍ਰਸ਼ਾਸਨ ਵੱਲੋਂ ਯੂਕਰੇਨ ਨੂੰ ਜਲਦੀ ਹੀ ਤਿੰਨ ਅਰਬ ਅਮਰੀਕੀ ਡਾਲਰ ਦੀ ਫ਼ੌਜੀ ਸਹਾਇਤਾ ਦਿੱਤੀ ਜਾਵੇਗੀ। ਇਹ ਰਾਸ਼ੀ ਯੂਕਰੇਨ ਭਵਿੱਖ ਵਿਚ ਆਪਣੀ ਸੈਨਾ ਦੀ ਸਿਖ਼ਲਾਈ ਤੇ ਉਨ੍ਹਾਂ ਨੂੰ ਹਥਿਆਰਾਂ ਨਾਲ ਲੈਸ ਕਰਨ ਉਤੇ ਖ਼ਰਚੇਗਾ। ਇਕ ਰਿਪੋਰਟ ਮੁਤਾਬਕ ਇਸ ਪੈਕੇਜ ਤਹਿਤ ਡਰੋਨ ਤੇ ਹੋਰ ਹਥਿਆਰ ਤਿਆਰ ਕਰਨ ਦੇ ਕੰਟਰੈਕਟ ਦਿੱਤੇ ਜਾਣਗੇ। ਯੂਕਰੇਨ-ਰੂਸ ਜੰਗ ਦੇ ਲੰਮਾ ਖਿੱਚੇ ਜਾਣ ਦੇ ਮੱਦੇਨਜ਼ਰ ਅਮਰੀਕਾ ਵੀ ਹੁਣ ਲੰਮੀ ਮੁਹਿੰਮ ਦੀ ਤਿਆਰੀ ਕਰ ਰਿਹਾ ਹੈ। ਯੂਰੋਪ ਵਿਚ ਆਉਣ ਵਾਲੇ ਸਮੇਂ ’ਚ ਹੋਰ ਅਮਰੀਕੀ ਸੈਨਿਕ ਤਾਇਨਾਤ ਕੀਤੇ ਜਾ ਸਕਦੇ ਹਨ। -ਏਪੀ