ਕੀਵ, 19 ਅਗਸਤ
ਯੂਕਰੇਨ ਤੇ ਰੂਸ ਨੇ ਇਕ-ਦੂਜੇ ਉਤੇ ਪ੍ਰਮਾਣੂ ਊਰਜਾ ਕੇਂਦਰ ’ਤੇ ਬੰਬਾਰੀ ਕਰਨ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਕਿ ਜ਼ੈਪੋਰੀਜ਼ਜ਼ੀਆ ਯੂਰੋਪ ਦਾ ਸਭ ਤੋਂ ਵੱਡਾ ਪ੍ਰਮਾਣੂ ਊਰਜਾ ਪਲਾਂਟ ਹੈ ਤੇ ਵਿਆਪਕ ਤਬਾਹੀ ਦਾ ਕਾਰਨ ਬਣ ਸਕਦਾ ਹੈ। ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਨਿਕੋਲਈ ਪਤਰੂਸ਼ੇਵ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਹੁਣ ਯੂਕਰੇਨ ਨੂੰ ਪ੍ਰਮਾਣੂ ਪਲਾਂਟ ’ਤੇ ਬੰਬਾਰੀ ਲਈ ਉਕਸਾ ਰਿਹਾ ਹੈ। ਇਹ ਕੇਂਦਰ ਰੂਸੀ ਬਲਾਂ ਦੇ ਕਬਜ਼ੇ ਹੇਠ ਹੈ। ਪਤਰੂਸ਼ੇਵ ਨੇ ਕਿਹਾ ਕਿ ਜੇ ਇੱਥੇ ਤਕਨੀਕੀ ਤਬਾਹੀ ਹੋਈ ਤਾਂ ਇਸ ਦਾ ਅਸਰ ਪੂਰੀ ਦੁਨੀਆ ਮਹਿਸੂਸ ਕਰੇਗੀ ਜਦਕਿ ਯੂਕਰੇਨ ਨੇ ਦੋਸ਼ ਲਾਇਆ ਹੈ ਕਿ ਰੂਸ ਉੱਥੇ ਹਥਿਆਰ ਤੇ ਸੈਨਾ ਨੂੰ ਰੱਖ ਰਿਹਾ ਹੈ। ਯੂਕਰੇਨ ਨੇ ਕਿਹਾ ਕਿ ਪਲਾਂਟ ਨੂੰ ਰੂਸ ਹਮਲੇ ਕਰਨ ਤੇ ਬਚਾਅ ਲਈ ਵਰਤ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਯੂਕਰੇਨ ਇੱਥੇ ਜਵਾਬੀ ਕਾਰਵਾਈ ਕਰਨ ਤੋਂ ਪਿੱਛੇ ਹਟੇਗਾ। -ਏਪੀ