ਲੰਡਨ, 13 ਫਰਵਰੀ
ਯੂਕੇ ਵਿਚ ਮੀਡੀਆ ਦੀ ਨਿਗਰਾਨੀ ਕਰਨ ਵਾਲੀ ਅਥਾਰਿਟੀ ਨੇ ਖਾਲਸਾ ਟੈਲੀਵਿਜ਼ਨ ਲਿਮਟਿਡ (ਕੇਟੀਵੀ) ਨੂੰ 50 ਹਜ਼ਾਰ ਪੌਂਡ ਜੁਰਮਾਨਾ ਕੀਤਾ ਹੈ। ਕੇਟੀਵੀ ਨੂੰ ਇਹ ਜੁਰਮਾਨਾ ਇਕ ਸੰਗੀਤ ਵੀਡੀਓ ਤੇ ਇਕ ਪ੍ਰੋਗਰਾਮ ਦਾ ਪ੍ਰਸਾਰਨ ਕਰਨ ਲਈ ਕੀਤਾ ਗਿਆ ਹੈ ਜਿਸ ਵਿਚ ਅਸਿੱਧੇ ਤੌਰ ’ਤੇ ਬਰਤਾਨਵੀ ਸਿੱਖਾਂ ਨੂੰ ਹਿੰਸਾ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਨ੍ਹਾਂ ਵਿਚ ਅਤਿਵਾਦ ਨਾਲ ਜੁੜੇ ਹਵਾਲੇ ਵੀ ਦਿੱਤੇ ਗਏ ਸਨ। ‘ਦੀ ਆਫ਼ਿਸ ਆਫ਼ ਕਮਿਊਨਿਕੇਸ਼ਨਜ਼ (ਆਫਕਾਮ) ਜੋ ਕਿ ਯੂਕੇ ਦੀ ਸਰਕਾਰੀ ਮੀਡੀਆ ਰੈਗੂਲੇਟਰੀ ਅਥਾਰਿਟੀ ਹੈ, ਨੇ ਸ਼ੁੱਕਰਵਾਰ ਨੂੰ ਜੁਰਮਾਨੇ ਦੇ ਹੁਕਮ ਜਾਰੀ ਕੀਤੇ ਹਨ। ਅਥਾਰਿਟੀ ਨੇ ਆਪਣੇ ਹੁਕਮ ਵਿਚ ਚੈਨਲ ਨੂੰ ਹਦਾਇਤ ਦਿੱਤੀ ਹੈ ਕਿ ਆਫਕਾਮ ਦੀ ਪੜਤਾਲ ਬਾਰੇ ਉਹ ਸਪੱਸ਼ਟੀਕਰਨ ਜਾਰੀ ਕਰਨ। ਸਪੱਸ਼ਟੀਕਰਨ ਜਾਰੀ ਕਰਨ ਦੀ ਤਰੀਕ ਤੇ ਰੂਪ-ਰੇਖਾ ਬਾਰੇ ਚੈਨਲ ਨੂੰ ਅਥਾਰਿਟੀ ਖ਼ੁਦ ਦੱਸੇਗੀ। ਇਸ ਤੋਂ ਇਲਾਵਾ ਕੇਟੀਵੀ ਨੂੰ ਵੀਡੀਓ ਤੇ ਪ੍ਰੋਗਰਾਮ ਦਾ ਪ੍ਰਸਾਰਨ ਮੁੜ ਨਾ ਕਰਨ ਲਈ ਕਿਹਾ ਗਿਆ ਹੈ। -ਪੀਟੀਆਈ