ਲੰਡਨ, 1 ਜਨਵਰੀ
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਯੂਰੋਪੀਅਨ ਯੂਨੀਅਨ ਵਿਚੋਂ ਯੂਕੇ ਦੇ ਰਸਮੀ ਤੌਰ ’ਤੇ ਬਾਹਰ ਹੋਣ ਨੂੰ ‘ਨਿਰਾਲੇ ਪਲ’ ਦੱਸਿਆ ਹੈ। ਨਵੇਂ ਸਾਲ ਦੇ ਸੁਨੇਹੇ ਵਿਚ ਜੌਹਨਸਨ ਨੇ ਆਪਣੀ ਸਰਕਾਰ ਦੀ ‘ਵੱਖਰੇ ਢੰਗ ਨਾਲ ਬਿਹਤਰ’ ਕੰਮ ਕਰਨ ਦੀ ਸਮਰੱਥਾ ਦਾ ਜ਼ਿਕਰ ਕੀਤਾ। ਦੱਸਣਯੋਗ ਹੈ ਕਿ ਯੂਕੇ 27 ਮੈਂਬਰੀ ਯੂਰੋਪੀਅਨ ਯੂਨੀਅਨ ਵਿਚੋਂ 31 ਦਸੰਬਰ ਨੂੰ ਤਕਨੀਕੀ ਤੌਰ ’ਤੇ ਵੱਖ ਹੋ ਗਿਆ ਹੈ। ਹਾਲਾਂਕਿ ਇਕੋ-ਇਕ ਬਾਜ਼ਾਰ ਤੇ ਕਸਟਮਜ਼ ਯੂਨੀਅਨ ਵਜੋਂ ਉਹ ਇਸ ਸਮੂਹ ਨਾਲ ਆਰਥਿਕ ਤੌਰ ’ਤੇ ਜੁੜਿਆ ਹੋਇਆ ਹੈ। ਯੂਕੇ ਤੇ ਯੂਰੋਪੀਅਨ ਯੂਨੀਅਨ ਦਰਮਿਆਨ ਹੁਣ ਨਵੀਂ ਵਪਾਰਕ ਭਾਈਵਾਲੀ ਹੋਵੇਗੀ ਜੋ ਕਿ ਮੁਕਤ ਵਪਾਰ ਸਮਝੌਤੇ ਤਹਿਤ ਆਵੇਗੀ। ਮਹਾਰਾਣੀ ਦੀ ਸਹਿਮਤੀ ਤੋਂ ਬਾਅਦ ਬਰਤਾਨੀਆ ਹੁਣ ਯੂਰੋਪੀਅਨ ਯੂਨੀਅਨ ਦਾ ਮੈਂਬਰ ਮੁਲਕ ਨਹੀਂ ਹੈ। ਜੌਹਨਸਨ ਨੇ ਕਿਹਾ ਕਿ ਯੂਕੇ ਕੋਲ ਹੁਣ ਫ਼ੈਸਲੇ ਲੈਣ ਦੀ ਵੱਧ ਆਜ਼ਾਦੀ ਹੈ ਤੇ ਇੰਗਲੈਂਡ, ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਹੁਣ ਇਕ ਮੁਲਕ ਵਜੋਂ ਦੁਨੀਆ ਸਾਹਮਣੇ ਆਪਣੀਆਂ ਕਦਰਾਂ-ਕੀਮਤਾਂ ਸਾਂਝੀਆਂ ਕਰ ਸਕਣਗੇ। -ਪੀਟੀਆਈ