ਲੰਡਨ, 17 ਜੁਲਾਈ
ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸਮਰਥਕ ਵੋਟਰਾਂ ਵਿਚੋਂ ਲਗਭਗ ਅੱਧਿਆਂ ਦਾ ਮੰਨਣਾ ਹੈ ਕਿ ਰਿਸ਼ੀ ਸੂਨਕ ਇਕ ਚੰਗੇ ਪ੍ਰਧਾਨ ਮੰਤਰੀ ਹੋਣਗੇ। ਅੱਜ ਜਾਰੀ ਇਕ ਨਵੇਂ ਚੋਣ ਸਰਵੇਖਣ ਵਿਚ ਇਹ ਦਾਅਵਾ ਕੀਤਾ ਗਿਆ ਹੈ। ‘ਦਿ ਸੰਡੇ ਟੈਲੀਗ੍ਰਾਫ’ ਦੀ ਇਕ ਖ਼ਬਰ ਮੁਤਾਬਕ ਜੇਐੱਲ ਪਾਰਟਨਰਜ਼ ਵੱਲੋਂ ਕੀਤੇ ਗਏ ਇਕ ਚੋਣ ਸਰਵੇਖਣ ਵਿਚ 4400 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਸ ਵਿਚ ਇਹ ਉੱਭਰ ਕੇ ਸਾਹਮਣੇ ਆਇਆ ਕਿ 2019 ਦੀਆਂ ਆਮ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕਰਨ ਵਾਲਿਆਂ ਵਿਚੋਂ 48 ਪ੍ਰਤੀਸ਼ਤ ਦਾ ਮੰਨਣਾ ਹੈ ਕਿ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਸੂਨਕ ਇਕ ਚੰਗੇ ਪ੍ਰਧਾਨ ਮੰਤਰੀ ਸਾਬਿਤ ਹੋਣਗੇ। ਇਹ ਪਹਿਲਾ ਸਰਵੇਖਣ ਹੈ ਜਿਸ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਵਿਦੇਸ਼ ਮੰਤਰੀ ਲਿਜ਼ ਟਰੱਸ ਨੂੰ ਦੂਜੇ ਸਥਾਨ ਉਤੇ ਰੱਖਿਆ ਗਿਆ ਹੈ। ਸਰਵੇਖਣ ਵਿਚ ਸ਼ਾਮਲ ਵਿਅਕਤੀਆਂ ਵਿਚੋਂ 39 ਪ੍ਰਤੀਸ਼ਤ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਟਰੱਸ ਦਾ ਤੇ 33 ਪ੍ਰਤੀਸ਼ਤ ਨੇ ਵਪਾਰ ਮੰਤਰੀ ਪੈਨੀ ਮੌਰਡੌਂਟ ਦਾ ਸਮਰਥਨ ਕੀਤਾ ਹੈ। ਕੰਜ਼ਰਵੇਟਿਵ ਪਾਰਟੀ ਦੇ ਅਗਲੇ ਚੋਟੀ ਦੇ ਆਗੂ ਲਈ ਮੁਕਾਬਲਾ ਹੁਣ ਇਨ੍ਹਾਂ ਤਿੰਨਾਂ ਉਮੀਦਵਾਰਾਂ ਉਤੇ ਕੇਂਦਰਿਤ ਹੋ ਗਿਆ ਹੈ। ਇਹ ਸਰਵੇਖਣ ਪਿਛਲੇ ਹਫ਼ਤੇ ਕਰਾਇਆ ਗਿਆ ਸੀ। -ਪੀਟੀਆਈ