ਲੰਡਨ, 20 ਫਰਵਰੀ
ਯੂਕੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਵਿਅਕਤੀ ਕੋਵਿਡ-19 ਤੋਂ ਪੀੜਤ ਹਨ, ਉਨ੍ਹਾਂ ਨੂੰ ਅਗਲੇ ਹਫ਼ਤੇ ਤੋਂ ਕਾਨੂੰਨੀ ਤੌਰ ’ਤੇ ਇੰਗਲੈਂਡ ’ਚ ਇਕਾਂਤਵਾਸ ’ਚ ਰਹਿਣ ਦੀ ਲੋੜ ਨਹੀਂ ਹੋਵੇਗੀ। ਬ੍ਰਿਟੇਨ ਨੇ ਕੋਵਿਡ ਨਾਲ ਜਿਊਣ ਦੀ ਯੋਜਨਾ ਤਹਿਤ ਇਹ ਐਲਾਨ ਕੀਤਾ ਹੈ। ਹੁਣ ਕਰੋਨਾ ਨੂੰ ਆਮ ਵਾਇਰਸ ਵਾਂਗ ਹੀ ਮੰਨਿਆ ਜਾਵੇਗਾ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਕਰੋਨਾ ਦੀ ਜਾਂਚ ਵੀ ਘੱਟ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਾਈਆਂ ਗਈਆਂ ਸਾਰੀਆਂ ਕਾਨੂੰਨੀ ਪਾਬੰਦੀਆਂ ਖ਼ਤਮ ਕੀਤੇ ਜਾਣ ਨਾਲ ਬ੍ਰਿਟੇਨ ’ਚ ਲੋਕ ‘ਆਜ਼ਾਦੀ ’ਤੇ ਪਾਬੰਦੀ ਲਾਏ ਬਿਨਾਂ ਆਪਣੀ ਰੱਖਿਆ ਕਰ ਸਕਣਗੇ।’ ਉਂਜ ਸਰਕਾਰ ਦੇ ਕੁਝ ਵਿਗਿਆਨੀ ਸਲਾਹਕਾਰਾਂ ਨੇ ਕਿਹਾ ਹੈ ਕਿ ਇਹ ਜੋਖਮ ਭਰਿਆ ਕਦਮ ਹੈ ਜਿਸ ਕਾਰਨ ਲਾਗ ਤੇਜ਼ੀ ਨਾਲ ਫੈਲ ਸਕਦੀ ਹੈ ਅਤੇ ਭਵਿੱਖ ’ਚ ਆਉਣ ਵਾਲੇ ਵਾਇਰਸ ਦੇ ਹੋਰ ਸਰੂਪਾਂ ਖ਼ਿਲਾਫ਼ ਮੁਲਕ ਦੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਪੈ ਸਕਦੀ ਹੈ। ਜੌਹਨਸਨ ਦੀ ਅਗਵਾਈ ਹੇਠਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨੇ ਜਨਵਰੀ ’ਚ ਜ਼ਿਆਦਾਤਰ ਪਾਬੰਦੀਆਂ ਹਟਾ ਲਈਆਂ ਸਨ। ਸਕਾਟਲੈਂਡ, ਵੇਲਜ਼ ਅਤੇ ਨੌਰਦਰਨ ਆਇਰਲੈਂਡ ’ਚ ਵੀ ਪਾਬੰਦੀਆਂ ’ਚ ਢਿੱਲ ਦਿੰਦਿਆਂ ਜ਼ਿਆਦਾਤਰ ਹਾਲਾਤ ਆਮ ਵਰਗੇ ਹੋ ਗਏ ਹਨ। ਇੰਗਲੈਂਡ ਦੇ ਹਸਪਤਾਲਾਂ ਨੂੰ ਛੱਡ ਕੇ ਹੋਰ ਥਾਵਾਂ ’ਤੇ ਮਾਸਕ ਲਾਜ਼ਮੀ ਦੀ ਸ਼ਰਤ ਪਹਿਲਾਂ ਹੀ ਖ਼ਤਮ ਕੀਤੀ ਜਾ ਚੁੱਕੀ ਹੈ। ਬ੍ਰਿਟੇਨ ਚ 12 ਸਾਲ ਅਤੇ ਉਸ ਤੋਂ ਵੱਧ ਉਮਰ ਦੇ 85 ਫ਼ੀਸਦ ਲੋਕਾਂ ਦਾ ਮੁਕੰਮਲ ਟੀਕਾਕਰਨ ਹੋ ਚੁੱਕਾ ਹੈ। -ਏਪੀ