ਲੰਡਨ, 13 ਜੁਲਾਈ
ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਬੋਰਿਸ ਜੌਹਨਸਨ ਦੀ ਥਾਂ ਲੈਣ ਤੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨ ਲਈ ਮੁਕਾਬਲਾ ਭਾਵੇਂ ਸ਼ੁਰੂ ਹੋ ਗਿਆ ਹੈ ਪਰ ਇਸ ਨੇ ਨਾਲ ਹੀ ਭਿੰਨਤਾ ਦੇ ਪੱਖ ਤੋਂ ਵੀ ਇਤਿਹਾਸ ਸਿਰਜ ਦਿੱਤਾ ਹੈ। ਭਾਰਤੀ ਮੂਲ ਦੇ ਦੋ ਬਰਤਾਨਵੀ ਨਾਗਰਿਕਾਂ ਸਣੇ ਇਸ ਵਾਰ ਵੱਖ-ਵੱਖ ਨਸਲਾਂ ਦੇ ਉਮੀਦਵਾਰ ਮੈਦਾਨ ਵਿਚ ਹਨ। ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਮੋਹਰੀ ਉਮੀਦਵਾਰਾਂ ਵਿਚ ਸ਼ੁਮਾਰ ਰਿਸ਼ੀ ਸੂਨਕ ਤੇ ਸੁਏਲਾ ਬ੍ਰੇਵਰਮੈਨ (ਦੋਵੇਂ 42 ਸਾਲ ਦੇ) ਇੰਗਲੈਂਡ ਦੇ ਜੰਮਪਲ ਹਨ ਤੇ ਭਾਰਤੀ ਮੂਲ ਦੇ ਹਨ। ਪਾਰਟੀ ਆਗੂ ਤੇ ਪ੍ਰਧਾਨ ਮੰਤਰੀ ਬਣਨ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਮੰਗਲਵਾਰ ਤੱਕ ਖ਼ਤਮ ਹੋ ਗਈ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਮੁਕਾਬਲੇ ਵਿਚ ਲੰਡਨ ਦੇ ਜੰਮਪਲ ਸਾਬਕਾ ਮੰਤਰੀ ਕੇਮੀ ਬਦੇਨੋਚ ਸ਼ਾਮਲ ਹਨ ਜੋ ਕਿ ਨਾਇਜੀਰੀਅਨ ਮੂਲ ਦੇ ਹਨ, ਜਦਕਿ ਨਦੀਮ ਜ਼ਹਾਵੀ ਇਰਾਕੀ ਮੂਲ ਦੇ ਹਨ। ਜ਼ਹਾਵੀ ਸ਼ਰਨਾਰਥੀ ਵਜੋਂ ਉਸ ਵੇਲੇ ਯੂਕੇ ਆਏ ਸਨ ਜਦ ਉਹ 11 ਸਾਲ ਦੇ ਸਨ। ਉਨ੍ਹਾਂ ਦਾ ਪਰਿਵਾਰ ਸੱਦਾਮ ਹੁਸੈਨ ਦੇ ਰਾਜ ਸਮੇਂ ਇਰਾਕ ਛੱਡ ਯੂਕੇ ਆ ਗਿਆ ਸੀ। ਵਪਾਰ ਮੰਤਰੀ ਪੈਨੀ ਮੌਰਡੌਂਟ ਤੇ ਟੌਮ ਟਿਊਜੈਂਡਹਾਟ ਸੈਨਿਕ ਪਿਛੋਕੜ ਤੋਂ ਹਨ। ਇਸ ਤੋਂ ਇਲਾਵਾ ਉਮੀਦਵਾਰਾਂ ਵਿਚ ਵਿਦੇਸ਼ ਮੰਤਰੀ ਲਿਜ਼ ਟਰੱਸ ਤੇ ਸਾਬਕਾ ਮੰਤਰੀ ਜੈਰੇਮੀ ਹੰਟ ਸ਼ਾਮਲ ਹਨ। ਕੰਜ਼ਰਵੇਟਿਵ ਪਾਰਟੀ ਦੇ ਅੱਠ ਸੰਸਦ ਮੈਂਬਰ ਚੋਟੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਹਨ। -ਪੀਟੀਆਈ