ਦੁਬਈ, 20 ਜੁਲਾਈ
ਸੰਯੁਕਤ ਅਰਬ ਅਮੀਰਾਤ ਨੇ ਜਾਪਾਨ ਦੇ ਇੱਕ ਲਾਂਚ ਸੈਂਟਰ ਤੋਂ ਮੰਗਲ ਗ੍ਰਹਿ ਵੱਲ ਆਪਣਾ ਪੁਲਾੜ ਵਾਹਨ ‘ਅਲ ਅਮਲ’ ਰਵਾਨਾ ਕੀਤਾ ਹੈ। ‘ਅਲ ਅਮਲ’ ਜਾਂ ‘ਹੋਪ ਪਰੋਬ’ ਨਾਮੀਂ 1.3 ਟਨ ਵਜ਼ਨੀ ਇਹ ਪੁਲਾੜ ਵਾਹਨ ਜਾਪਾਨ ਦੇ ਤੇਨਗਾਸ਼ਿਮਾ ਪੁਲਾੜ ਬੰਦਰਗਾਹ ਤੋਂ ਸਵੇਰੇ 1.58 ਵਜੇ ਐੱਚ-2ਏ ਰਾਕਟ ਤੋਂ ਲਾਂਚ ਕੀਤਾ ਗਿਆ। ਲਾਂਚ ਅਪਰੇਟਰ-ਮਿਸ਼ੂਬੀਸ਼ੀ ਹੈਵੀ ਇੰਡਸਟਰੀਜ਼ ਲਾਂਚ ਸਰਵਸਿਜ਼ ਨੇ ਦੱਸਿਆ ਕਿ ਪਰੋਬ ਦਾ ਟੈਲੀਕੌਮ ਸਿਸਟਮ ਸਥਾਪਤ ਕੀਤਾ ਗਿਆ ਅਤੇ ਇਸ ਵੱਲੋਂ ਲਾਂਚ ਵਹੀਕਲ ਤੋਂ ਵੱਖ ਹੋਣ ਮਗਰੋਂ ਆਪਣਾ ਪਹਿਲਾ ਸਿਗਨਲ ਦਿੱਤਾ ਗਿਆ। ਲਾਂਚ ਹੋਣ ਤੋਂ ਇੱਕ ਘੰਟਾ ਮਗਰੋਂ ਇਸ ਦੇ ਸੋਲਰ ਪੈਨਲਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ‘ਦਿ ਖਲੀਜ ਟਾਈਮਜ਼’ ਦੀ ਰਿਪੋਰਟ ਮੁਤਾਬਕ ਦੁਬਈ ਦੇ ਅਲ ਖਵਾਨੀਜ ’ਚ ਸਥਿਤ ਮਿਸ਼ਨ ਕੰਟਰੋਲ ਟੀਮ ਨੇ ਇਹ ਸਿਗਨਲ ਪ੍ਰਾਪਤ ਕੀਤੇ।-ਪੀਟੀਆਈ