ਦੁਬਈ: ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਨਿੱਜੀ ਆਜ਼ਾਦੀ ਦਾ ਦਾਇਰਾ ਵਧਾਉਣ ਲਈ ਮੁਲਕ ਦੇ ਇਸਲਾਮਿਕ ਕਾਨੂੰਨਾਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਵੱਡੇ ਪੱਧਰ ਉਤੇ ਕੀਤੇ ਜਾ ਰਹੇ ਬਦਲਾਅ ਵਿਚ ਅਣਵਿਆਹੇ ਜੋੜਿਆਂ ਨੂੰ ਇਕੱਠਿਆਂ ਰਹਿਣ ਦੀ ਇਜਾਜ਼ਤ ਦੇਣ, ਸ਼ਰਾਬ ਉਤੇ ਪਾਬੰਦੀਆਂ ਵਿਚ ਢਿੱਲ ਦੇਣਾ ਤੇ ‘ਅਣਖ਼ ਖਾਤਰ ਕਤਲ’ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਲਿਆਉਣਾ ਸ਼ਾਮਲ ਹੈ। ਨਿੱਜੀ ਆਜ਼ਾਦੀ ਦਾ ਦਾਇਰ ਵਧਾਉਣਾ ਮੁਲਕ ਦੇ ਬਦਲ ਰਹੇ ਮੁਹਾਂਦਰੇ ਨੂੰ ਦਰਸਾਉਂਦਾ ਹੈ ਜੋ ਕਿ ਪੱਛਮੀ ਸੈਲਾਨੀਆਂ ਨੂੰ ਖਿੱਚਣ ਲਈ ਹਰ ਢੰਗ-ਤਰੀਕਾ ਅਪਣਾ ਰਿਹਾ ਹੈ। ਇਸ ਦਾ ਮਕਸਦ ਕਾਰੋਬਾਰੀਆਂ ਤੇ ਦੌਲਤਮੰਦਾਂ ਨੂੰ ਖਿੱਚਣਾ ਵੀ ਹੈ ਜੋ ਯੂਏਈ ਵਿਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਹਨ, ਪਰ ਇਸਲਾਮਿਕ ਕਾਨੂੰਨ ਦੀ ਸਖ਼ਤੀ ਕਾਰਨ ਪਿੱਛੇ ਹਟਦੇ ਹਨ। ਇਹ ਬਦਲਾਅ ਇਹ ਵੀ ਦਰਸਾਉਂਦੇ ਹਨ ਕਿ ਯੂਏਈ ਦੇ ਸ਼ਾਸਕ ਮੁਲਕ ਵਿਚ ਲਗਾਤਾਰ ਬਦਲ ਰਹੇ ਸਮਾਜ ਨਾਲ ਢਲਣ ਦੇ ਚਾਹਵਾਨ ਹਨ। ਅਮੀਰਾਤ ਦਾ ਇਹ ਐਲਾਨ ਯੂਏਈ ਤੇ ਇਜ਼ਰਾਈਲ ਦੇ ਇਤਿਹਾਸਕ ਸਮਝੌਤੇ ਮਗਰੋਂ ਸਾਹਮਣੇ ਆਇਆ ਹੈ ਜਿਸ ਵਿਚ ਅਮਰੀਕਾ ਨੇ ਵਿਚੋਲਗੀ ਕੀਤੀ ਹੈ। ਵੱਡੀ ਗਿਣਤੀ ਇਜ਼ਰਾਇਲੀ ਸੈਲਾਨੀਆਂ ਤੇ ਨਿਵੇਸ਼ਕਾਂ ਦੇ ਯੂਏਈ ਦਾ ਰੁਖ਼ ਕਰਨ ਦੀ ਸੰਭਾਵਨਾ ਹੈ। ਬਦਲਾਅ ਤਹਿਤ ਹੁਣ 21 ਸਾਲ ਜਾਂ ਇਸ ਤੋਂ ਵੱਧ ਦੇ ਵਿਅਕਤੀ ਨੂੰ ਸ਼ਰਾਬ ਪੀਣ ਲਈ ਜੁਰਮਾਨਾ ਨਹੀਂ ਹੋਵੇਗਾ। ਉਹ ਇਸ ਨੂੰ ਖ਼ਰੀਦ ਕੇ ਵੀ ਰੱਖ ਸਕਣਗੇ। ਇਸ ਤੋਂ ਪਹਿਲਾਂ ਸ਼ਰਾਬ ਖ਼ਰੀਦਣ, ਕਿਤੇ ਲਿਜਾਣ ਤੇ ਘਰ ਰੱਖਣ ਲਈ ਲਾਇਸੈਂਸ ਲੈਣਾ ਪੈਂਦਾ ਸੀ। -ਏਪੀ