ਕਰਾਚੀ (ਪਾਕਿਸਤਾਨ), 11 ਮਾਰਚ
ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਦੋ ਕਬਾਇਲੀ ਗੁੱਟਾਂ ਦੀ ਕੁਝ ਇਤਰਾਜ਼ਯੋਗ ਟਿਕਟੌਕ ਵੀਡੀਓਜ਼ ਕਾਰਨ ਲੜਾਈ ਹੋਣ ਕਾਰਨ 16 ਜਣੇ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਬੁੱਧਵਾਰ ਨੂੰ ਮੀਰਪੁਰ ਸਾਕਰੋ ਇਲਾਕੇ ਵਿੱਚ ਦੋ ਗੁੱਟਾਂ ਵੱਲੋਂ ਟਿਕ-ਟੌਕ ’ਤੇ ਇਤਰਾਜ਼ਯੋਗ ਵੀਡੀਓਜ਼ ਪਾ ਕੇ ਇੱਕ-ਦੂਜੇ ਦਾ ਮਜ਼ਾਕ ਉਡਾਉਣ ਤੋਂ ਇਹ ਲੜਾਈ ਸ਼ੁਰੂ ਹੋਈ। ਸਾਰੇ 16 ਜ਼ਖ਼ਮੀਆਂ ਨੂੰ ਇਲਾਜ ਲਈ ਕਰਾਚੀ ਰੈਫ਼ਰ ਕਰ ਦਿੱਤਾ ਗਿਆ ਹੈ, ਜਿੱਥੇ 8 ਜਣਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪਾਕਿ ਵੱਲੋਂ ਟਿਕਟੌਕ ’ਤੇ ਪਾਬੰਦੀ ਦੀ ਤਿਆਰੀ: ਇਸਲਾਮਾਬਾਦ: ਪਾਕਿਸਤਾਨ ਵੱਲੋਂ ਅਦਾਲਤ ਦੇ ਹੁਕਮ ’ਤੇ ਸੋਸ਼ਲ ਮੀਡੀਆ ਐਪ ਟਿਕਟੌਕ ’ਤੇ ਪਾਬੰਦੀ ਲਾਉਣ ਦੀ ਤਿਆਰੀ ਹੈ। ਮੁਲਕ ਦੀ ਟੈਲੀਕੌਮ ਰੈਗੂਲੇਟਰ- ਪਾਕਿਸਤਾਨ ਟੈਲੀਕੌਮ ਅਥਾਰਟੀ (ਪੀਟੀਏ) ਦੇ ਬੁਲਾਰੇ ਖੁਰਮ ਮਹਿਰਾਨ ਨੇ ਦੱਸਿਆ ਕਿ ਅਦਾਲਤ ਨੇ ਅਥਾਰਟੀ ਨੂੰ ਟਿਕਟੌਕ ’ਤੇ ਪਾਬੰਦੀ ਲਾਉਣ ਲਈ ਕਿਹਾ ਹੈ। -ਰਾਈਟਰਜ਼