ਪੇਸ਼ਾਵਰ, 18 ਜਨਵਰੀ
ਉੱਤਰ-ਪੱਛਮੀ ਪਾਕਿਸਤਾਨ ਸਥਿਤ ਅਤਿਵਾਦੀਆਂ ਦੇ ਇੱਕ ਪੁਰਾਣੇ ਗੜ੍ਹ ’ਤੇ ਸੁਰੱਖਿਆ ਬਲਾਂ ਨੇ ਅੱਜ ਕਾਰਵਾਈ ਕੀਤੀ ਅਤੇ ਤਾਲਿਬਾਨ ਦੇ ਦੋ ਲੜਾਕਿਆਂ ਨੂੰ ਮਾਰ ਮੁਕਾਇਆ। ਮਾਰੇ ਗਏ ਇਨ੍ਹਾਂ ਲੜਾਕਿਆਂ ’ਚੋਂ ਇੱਕ ਦੇ ਲੰਘੇ ਅਕਤੂਬਰ ’ਚ ਹੋਏ ਉਸ ਹਮਲੇ ’ਚ ਸ਼ਾਮਲ ਹੋਣ ਦਾ ਸ਼ੱਕ ਹੈ ਜਿਸ ’ਚ ਛੇ ਫੌਜੀ ਮਾਰੇ ਗਏ ਸਨ। ਇਹ ਜਾਣਕਾਰੀ ਪਾਕਿਸਤਾਨੀ ਫੌਜ ਨੇ ਦਿੱਤੀ। ਪਾਕਿਸਤਾਨੀ ਫੌਜ ਨੇ ਕਿਹਾ ਕਿ ਖੈਬਰ ਪਖਤੂਨਖਵਾ ਸੂਬੇ ਦੇ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ’ਚ ਕੀਤੀ ਗਈ ਇਸ ਕਾਰਵਾਈ ’ਚ ਤੀਜਾ ਸ਼ੱਕੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੌਜ ਨੇ ਕਿਹਾ ਕਿ ਉਨ੍ਹਾਂ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਹੈ। ਤਿੰਨ ਮਹੀਨੇ ਪਹਿਲਾਂ ਇਸ ਇਲਾਕੇ ’ਚ ਹੋਏ ਬੰਬ ਧਮਾਕੇ ’ਚ ਛੇ ਜਵਾਨ ਮਾਰੇ ਗਏ ਸਨ। ਫੌਜ ਨੇ ਇਸ ਬਿਆਨ ’ਚ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਅਤਿਵਾਦੀਆਂ ਨੇ ਹਾਲ ਹੀ ਦੇ ਮਹੀਨਿਆਂ ’ਚ ਅਫ਼ਗਾਨਿਸਤਾਨ ਦੀ ਹੱਦ ਨਾਲ ਲੱਗਦੇ ਇਲਾਕਿਆਂ ’ਚ ਸੈਨਿਕਾਂ ’ਤੇ ਹਮਲੇ ਵਧਾ ਦਿੱਤੇ ਹਨ। -ਪੀਟੀਆਈ