ਏਥਨਜ਼/ਕੀਥਿਰਾ (ਯੂਨਾਨ), 6 ਅਕਤੂਬਰ
ਯੂਨਾਨ ਵਿੱਚ ਪਰਵਾਸੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਦੇ ਡੁੱਬਣ ਕਾਰਨ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਅਜੇ ਲਾਪਤਾ ਹਨ।
ਤੱਟ ਰੱਖਿਅਕ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 40 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਇਕ ‘ਡਿੰਗੀ’ (ਛੋਟੀ ਕਿਸ਼ਤੀ) ਦੇ ਡੁੱਬਣ ਤੋਂ ਬਾਅਦ ਪੂਰਬੀ ਦੀਪ ਲੈਸਬਸ ਕੋਲੋਂ ਅਫਰੀਕੀ ਮੂਲ ਦੀਆਂ 16 ਮਹਿਲਾਵਾਂ ਅਤੇ ਇਕ ਨੌਜਵਾਨ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਦਸ ਔਰਤਾਂ ਨੂੰ ਬਚਾਅ ਲਿਆ ਗਿਆ ਹੈ ਜਦਕਿ 13 ਹੋਰ ਪਰਵਾਸੀਆਂ ਦੇ ਲਾਪਤਾ ਹੋਣ ਦਾ ਸ਼ੱਕ ਹੈ।
ਤੱਟ ਰੱਖਿਅਕਾਂ ਦੇ ਬੁਲਾਰੇ ਨਿਕੋਸ ਕੋਕਾਲਸ ਨੇ ਸਰਕਾਰੀ ਟੈਲੀਵਿਜ਼ਨ ’ਤੇ ਕਿਹਾ, ‘‘ਜਿਨ੍ਹਾਂ ਮਹਿਲਾਵਾਂ ਨੂੰ ਬਚਾਇਆ ਗਿਆ ਹੈ ਉਹ ਕਾਫੀ ਸਹਿਮ ਵਿੱਚ ਹਨ, ਇਸ ਵਾਸਤੇ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਵਿੱਚ ਹੋਇਆ ਕੀ ਸੀ।’’ ਉਨ੍ਹਾਂ ਦੱਸਿਆ ਕਿ ਸਾਰੀਆਂ ਮਹਿਲਾਵਾਂ ਅਫਰੀਕੀ ਦੇਸ਼ਾਂ ਨਾਲ ਸਬੰਧਤ ਹਨ ਅਤੇ 20 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਹਨ।
ਦੂਜੀ ਘਟਨਾ ਸੈਂਕੜੇ ਕਿਲੋਮੀਟਰ ਦੂਰ ਪੱਛਮ ਵਿੱਚ ਕੀਥਿਰਾ ਦੀਪ ਕੋਲ ਵਾਪਰੀ। ਇੱਥੇ 100 ਪਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਚੱਟਾਨਾਂ ਵਿੱਚ ਜਾ ਵੱਜੀ ਅਤੇ ਡੁੱਬ ਗਈ।
ਇਸ ਦੌਰਾਨ ਚਾਰ ਪਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ। ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਅਸਲ ਗਿਣਤੀ ਲਾਸ਼ਾਂ ਬਰਾਮਦ ਹੋਣ ਮਗਰੋਂ ਦੱਸੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਰਾਨ, ਇਰਾਕ ਤੇ ਅਫਗਾਨਿਸਤਾਨ ਨਾਲ ਸਬੰਧਤ 80 ਵਿਅਕਤੀਆਂ ਨੂੰ ਬਚਾਇਆ ਜਾ ਚੁੱਕਿਆ ਹੈ ਅਤੇ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ 11 ਵਿਅਕਤੀ ਅਜੇ ਵੀ ਲਾਪਤਾ ਹਨ। -ਏਪੀ