ਕਾਬੁਲ/ਨਵੀਂ ਦਿੱਲੀ, 18 ਜੂਨ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰੇ ਵਿਚ ਅੱਜ ਹੋਏ ਕਈ ਬੰਬ ਧਮਾਕਿਆਂ ’ਚ ਦੋ ਵਿਅਕਤੀ ਮਾਰੇ ਗਏ ਤੇ ਸੱਤ ਹੋਰ ਫੱਟੜ ਹੋ ਗਏ। ਮ੍ਰਿਤਕਾਂ ਵਿਚ ਇਕ ਅਫ਼ਗਾਨ ਸਿੱਖ ਵੀ ਸ਼ਾਮਲ ਹੈ। ਹਾਲਾਂਕਿ ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦੇ ਇਕ ਵਾਹਨ ਨੂੰ ਗੁਰਦੁਆਰੇ ਤੱਕ ਪਹੁੰਚਣ ਤੋਂ ਰੋਕ ਲਿਆ ਤੇ ਵੱਡੀ ਤ੍ਰਾਸਦੀ ਤੋਂ ਬਚਾਅ ਹੋ ਗਿਆ। ਤਾਲਿਬਾਨ ਦੇ ਇਕ ਤਰਜਮਾਨ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਕਰਤੇ ਪਰਵਾਨ ਗੁਰਦੁਆਰੇ ਉਤੇ ਹਮਲਾ ਕੀਤਾ ਗਿਆ ਤੇ ਤੁਰੰਤ ਬਾਅਦ ਅਤਿਵਾਦੀਆਂ ਤੇ ਤਾਲਿਬਾਨ ਦੇ ਸੁਰੱਖਿਆ ਕਰਮੀਆਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਮੁਕਾਬਲਾ ਕਈ ਘੰਟੇ ਚੱਲਿਆ ਤੇ ਸਾਰੇ ਤਿੰਨ ਹਮਲਾਵਰ ਮਾਰੇ ਗਏ ਹਨ। ਤਾਲਿਬਾਨ ਦੇ ਤਰਜਮਾਨ ਨੇ ਕਿਹਾ ਕਿ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦਿਆ ਵਾਹਨ ਗੁਰਦੁਆਰੇ ਦੇ ਬਾਹਰ ਹੀ ਉਡਾ ਦਿੱਤਾ ਗਿਆ ਤੇ ਇਸ ਨਾਲ ਹੋਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਤਾਲਿਬਾਨ ਦੇ ਬੁਲਾਰੇ ਅਬਦੁਲ ਨਫ਼ੀ ਟਕੋਰ ਨੇ ਪੁਸ਼ਟੀ ਕੀਤੀ ਕਿ ‘ਇਸਲਾਮਿਕ ਅਮੀਰਾਤ ਫੋਰਸ’ ਦਾ ਇਕ ਮੈਂਬਰ ਤੇ ਇਕ ਅਫ਼ਗਾਨ ਸਿੱਖ ਹਮਲੇ ਵਿਚ ਮਾਰੇ ਗਏ ਹਨ। ਸੱਤ ਹੋਰ ਜ਼ਖ਼ਮੀ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਪਹਿਲਾਂ ਇਕ ਬੰਦੂਕਧਾਰੀ ਨੇ ਹੈਂਡ ਗ੍ਰਨੇਡ ਸੁੱਟਿਆ ਜਿਸ ਨਾਲ ਗੁਰਦੁਆਰੇ ਦੇ ਗੇਟ ਨੇੜੇ ਅੱਗ ਲੱਗ ਗਈ। ਕਾਬੁਲ ਦੇ ਪੁਲੀਸ ਮੁਖੀ ਮੁਤਾਬਕ ਸਾਰੇ ਤਿੰਨ ਹਮਲਾਵਰਾਂ ਨੂੰ ਹਲਾਕ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ‘ਬੀਬੀਸੀ’ ਦੀ ਇਕ ਰਿਪੋਰਟ ਮੁਤਾਬਕ ਜਦ ਗੁਰਦੁਆਰੇ ਉਤੇ ਸੁਵਖਤੇ ਹਮਲਾ ਹੋਇਆ ਉਦੋਂ ਅੰਦਰ ਕਰੀਬ 30 ਜਣੇ ਸਨ। ਬੰਬ ਧਮਾਕੇ ਕਰਤੇ ਪਰਵਾਨ ਇਲਾਕੇ ਵਿਚ ਹੋਏ ਹਨ ਤੇ ਇਸ ਇਲਾਕੇ ਵਿਚ ਹੀ ਜ਼ਿਆਦਾਤਰ ਅਫ਼ਗਾਨ ਹਿੰਦੂ ਤੇ ਸਿੱਖ ਰਹਿੰਦੇ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਕਈ ਧਮਾਕਿਆਂ ਦੀ ਆਵਾਜ਼ ਸੁਣੀ ਤੇ ਮਗਰੋਂ ਗੋਲੀਆਂ ਚੱਲਣ ਦੀ ਆਵਾਜ਼ ਵੀ ਆਈ। ਹਮਲੇ ਦੀ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਸਜਿਦਾਂ ਤੇ ਘੱਟਗਿਣਤੀਆਂ ਉਤੇ ਅਫ਼ਗਾਨਿਸਤਾਨ ਵਿਚ ਹੁੰਦੇ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਖੋਰਾਸਾਨ) ਲੈਂਦਾ ਰਿਹਾ ਹੈ। ਚੀਨ ਦੀ ‘ਸ਼ਿਨਹੂਆ’ ਖ਼ਬਰ ਏਜੰਸੀ ਮੁਤਾਬਕ ਹਮਲਾ ਸਵੇਰੇ ਕਰੀਬ 6 ਵਜੇ ਹੋਇਆ ਤੇ ਵੱਡੇ ਧਮਾਕੇ ਸੁਣੇ ਗਏ। ਉਨ੍ਹਾਂ ਮੁਤਾਬਕ ਦੂਜਾ ਧਮਾਕਾ, ਪਹਿਲੇ ਧਮਾਕੇ ਤੋਂ ਅੱਧੇ ਘੰਟੇ ਬਾਅਦ ਹੋਇਆ। ਸਾਰੀ ਥਾਂ ਨੂੰ ਫ਼ਿਲਹਾਲ ਸੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 2020 ਵਿਚ ਹੋਏ ਇਕ ਹਮਲੇ ਸਮੇਂ ਅਫ਼ਗਾਨਿਸਤਾਨ ਵਿਚ 700 ਸਿੱਖ ਤੇ ਹਿੰਦੂ ਰਹਿ ਰਹੇ ਸਨ। ਇਸ ਤੋਂ ਬਾਅਦ ਦਰਜਨਾਂ ਨੇ ਮੁਲਕ ਛੱਡ ਦਿੱਤਾ ਪਰ ਕੁਝ ਕਾਬੁਲ, ਜਲਾਲਾਬਾਦ ਤੇ ਗ਼ਜ਼ਨੀ ਵਿਚ ਰੁਕ ਗਏ। ਤਾਲਿਬਾਨ ਵੱਲੋਂ ਪਿਛਲੇ ਸਾਲ ਅਗਸਤ ਵਿਚ ਅਫ਼ਗਾਨਿਸਤਾਨ ਦੀ ਸੱਤਾ ਸੰਭਾਲਣ ਤੋਂ ਬਾਅਦ ਲਗਾਤਾਰ ਹਮਲੇ ਹੋ ਰਹੇ ਹਨ ਤੇ ਸੁੰਨੀ ਮੁਸਲਿਮ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਇਨ੍ਹਾਂ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਮਾਰਚ 2020 ਵਿਚ ਕਾਬੁਲ ਦੇ ਹੀ ਇਕ ਗੁਰਦੁਆਰੇ ਉਤੇ ਹੋਏ ਹਮਲੇ ’ਚ 25 ਜਣੇ ਮਾਰੇ ਗਏ ਸਨ। ਸ਼ੋਰ ਬਾਜ਼ਾਰ ਵਿਚ ਹੋਏ ਹਮਲੇ ਦੀ ਜ਼ਿੰਮੇਵਾਰੀ ਉਸ ਵੇਲੇ ਇਸਲਾਮਿਕ ਸਟੇਟ ਨੇ ਲਈ ਸੀ। -ਪੀਟੀਆਈ
ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹੈ ਭਾਰਤੀ ਵਿਦੇਸ਼ ਮੰਤਰਾਲਾ
ਭਾਰਤੀ ਵਿਦੇਸ਼ ਮੰਤਰਾਲੇ ਨੇ ਟਵੀਟ ਕਰ ਕੇ ਇਸ ਹਮਲੇ ਉਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਮੰਤਰਾਲਾ ਸਥਿਤੀ ਉਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਗੁਰਦੁਆਰਾ ਕਰਤੇ ਪਰਵਾਨ ਉਤੇ ਹੋਏ ਕਾਇਰਾਨਾ ਹਮਲੇ ਦੀ ਸਾਰਿਆਂ ਨੂੰ ਸਖ਼ਤ ਨਿਖੇਧੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਤਰਜੀਹ ਉੱਥੇ ਰਹਿ ਰਹੇ ਭਾਈਚਾਰੇ ਦੇ ਮੈਂਬਰਾਂ ਦੀ ਭਲਾਈ ਹੈ ਤੇ ਕਦਮ ਚੁੱਕੇ ਜਾ ਰਹੇ ਹਨ।
ਅਫ਼ਗਾਨਿਸਤਾਨ ਵਿੱਚ ਘੱਟਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ: ਭਗਵੰਤ ਮਾਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ’ਤੇ ਅਤਿਵਾਦੀਆਂ ਵੱਲੋਂ ਕੀਤੇ ਵਹਿਸ਼ੀ ਤੇ ਘਿਨੌਣੇ ਹਮਲੇ ਦੀ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਅਫ਼ਗਾਨਿਸਤਾਨ ਵਿੱਚ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ। ਉਨ੍ਹਾਂ ਦੀ ਮਦਦ ਲਈ ਹਰ ਸੰਭਵ ਪ੍ਰਬੰਧ ਕੀਤੇ ਜਾਣ। ਮਾਨ ਨੇ ਕਿਹਾ ਕਿ ਗੁਰਦੁਆਰਾ ‘ਕਰਤੇ ਪਰਵਾਨ’ ਉਤੇ ਹੋਏ ਹਮਲੇ ਨੂੰ ਭਾਰਤ ਸਰਕਾਰ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਕੋਲ ਉਠਾਏ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਫ਼ਗਾਨਿਤਸਤਾਨ ਵਿੱਚ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ 70ਵਿਆਂ ’ਚ ਸਿੱਖਾਂ ਦੀ ਆਬਾਦੀ 5 ਲੱਖ ਦੇ ਕਰੀਬ ਸੀ, ਜੋ ਕਿ ਕੁੱਲ ਆਬਾਦੀ ਦਾ 4.6 ਫ਼ੀਸਦ ਸੀ। ਅੱਜ ਨਫ਼ਰਤੀ ਹਿੰਸਾ ਅਤੇ ਦਹਿਸ਼ਤਗਰਦੀ ਕਰਕੇ ਇਹ ਗਿਣਤੀ ਸਿਰਫ਼ 250 ਦੇ ਕਰੀਬ ਰਹਿ ਗਈ ਹੈ। ਇਸ ਕਾਰਨ ਮੁਲਕ ਦੀਆਂ ਘੱਟਗਿਣਤੀਆਂ ਵਿੱਚ ਭੈਅ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਫ਼ਗਾਨਿਸਤਾਨ ਵਿੱਚ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਭਾਰਤ ਲਿਆਉਣ ਤੇ ਵਸਾਉਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। -ਟਨਸ