ਮਾਲੇ, 30 ਅਪਰੈਲ
ਇੱਥੇ ਮਾਲਦੀਵ ਨਿਵਾਸੀਆਂ ਅਤੇ ਭਾਰਤੀ ਨਾਗਰਿਕਾਂ ਵਿਚਾਲੇ ਹੋਈ ਝੜਪ ’ਚ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ ਘਟਨਾ ਤੋਂ ਬਾਅਦ ਇਕ ਸਥਾਨਕ ਨਿਵਾਸੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਮਾਲੇ ਤੋਂ ਲਗਪਗ ਸੱਤ ਕਿਲੋਮੀਟਰ ਉੱਤਰ-ਪੂਰਬ ਵਿੱਚ ਹੁਲਹੁਮਾਲੇ ਸਥਿਤ ਸੈਂਟਰਲ ਪਾਰਕ ਵਿੱਚ ਸੋਮਵਾਰ ਰਾਤ ਲਗਪਗ 9 ਵਜੇ ਦੋ ਧਿਰਾਂ ਵਿਚਾਲੇ ਝੜਪ ਹੋਈ ਸੀ। ਪੁਲੀਸ ਅਨੁਸਾਰ ਹਿਰਾਸਤ ਵਿਚ ਲਿਆ ਗਿਆ ਵਿਅਕਤੀ ਮਾਲਦੀਵ ਦਾ ਰਹਿਣ ਵਾਲਾ ਹੈ ਪਰ ਇਹ ਨਹੀਂ ਦੱਸਿਆ ਕਿ ਜ਼ਖਮੀ ਕਿੱਥੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖਮੀਆਂ ਨੂੰ ਹੁਲਹੁਮਾਲੇ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਦੱਸਿਆ ਕਿ ਪਾਰਕ ਵਿੱਚ ਮਾਲਦੀਵ ਅਤੇ ਭਾਰਤ ਦੇ ਕੁੱਝ ਵਿਅਕਤੀਆਂ ਵਿਚਾਲੇ ਝੜਪ ਹੋ ਗਈ ਸੀ। ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ