ਵਾਰਸਾ: ਰੂਸ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਪੋਲੈਂਡ ਵਿਚ ਇਕ ਰੂਸੀ ਤੇ ਇਕ ਬੇਲਾਰੂਸੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ’ਤੇ ਰੂਸ ਦੀ ‘ਸਪੈਸ਼ਲ ਸਰਵਿਸਿਜ਼’ ਲਈ ਜਾਸੂਸੀ ਦਾ ਦੋਸ਼ ਹੈ। ਪੋਲੈਂਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਸੰਵੇਦਨਸ਼ੀਲ ਫ਼ੌਜੀ ਸੂਚਨਾਵਾਂ ਇਕੱਤਰ ਕਰ ਰਹੇ ਸਨ ਜੋ ਕਿ ਪੋਲੈਂਡ-ਬੇਲਾਰੂਸ ਸਰਹੱਦ ਉਤੇ ਪੋਲਿਸ਼ ਫ਼ੌਜਾਂ ਦੀ ਤਾਇਨਾਤ ਨਾਲ ਜੁੜੀਆਂ ਸਨ। ਇਨ੍ਹਾਂ ਨੂੰ ਵੱਖ-ਵੱਖ ਤੌਰ ’ਤੇ 21 ਤੇ 22 ਅਪਰੈਲ ਨੂੰ ਕਾਬੂ ਕੀਤਾ ਗਿਆ ਹੈ। ਅਦਾਲਤ ਨੇ ਇਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਹਿਰਾਸਤ ਵਿਚ ਰੱਖਣ ਦਾ ਹੁਕਮ ਦਿੱਤਾ ਹੈ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਇੱਥੇ ਇਕ ਸਪੇਨੀ ਨਾਗਰਿਕ ਨੂੰ ਰੂਸ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜੰਗ ਵਿਚ ਪੋਲੈਂਡ, ਯੂਕਰੇਨ ਦੀ ਅੱਗੇ ਹੋ ਕੇ ਮਦਦ ਕਰ ਰਿਹਾ ਹੈ। ਪੋਲੈਂਡ ਤੇ ਯੂਕਰੇਨ ਗੁਆਂਢੀ ਹਨ ਜਦਕਿ ਰੂਸ ਤੇ ਬੇਲਾਰੂਸ ਮਿੱਤਰ ਮੁਲਕ ਹਨ। -ਏਪੀ