ਇਸਤੰਬੁਲ, 30 ਅਕਤੂਬਰ
ਪੱਛਮੀ ਤੁਰਕੀ ਵਿਚ ਆਏ ਭੂਚਾਲ ਕਾਰਨ ਛੇ ਮੌਤਾਂ ਹੋ ਗਈਆਂ ਹਨ। ਰਿਕਟਰ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 6.6 ਮਾਪੀ ਗਈ ਹੈ। ਭੂਚਾਲ ਕਾਰਨ ਇਜ਼ਮੀਰ ਸ਼ਹਿਰ ਵਿਚ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਵੱਡੀ ਗਿਣਤੀ ਵਿਚ ਲੋਕ ਫੱਟੜ ਵੀ ਹੋਏ ਹਨ। ਇਹ ਸ਼ਹਿਰ ਤੁਰਕੀ ਦੇ ਤੱਟ ਤੇ ਯੂਨਾਨੀ ਟਾਪੂਆਂ ਵਿਚਾਲੇ ਸਥਿਤ ਹੈ। ਭੂਚਾਲ ਕਾਰਨ ਹਲਕੀ ਸੁਨਾਮੀ ਵੀ ਆਈ। ਸਾਮੋਸ ਟਾਪੂ ਉਤੇ ਵੀ ਕੁਝ ਲੋਕ ਜ਼ਖ਼ਮੀ ਹੋਏ ਹਨ। ਇਜ਼ਮੀਰ ਤੁਰਕੀ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਅਥਾਰਿਟੀ ਮੁਤਾਬਕ 200 ਤੋਂ ਵੱਧ ਲੋਕ ਜ਼ਖ਼ਮੀ ਹਨ। 70 ਲੋਕਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ ਹੈ। ਚਾਰ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ ਤੇ 10 ਡਿਗ ਗਈਆਂ ਹਨ। ਕਰੀਬ 12 ਇਮਾਰਤਾਂ ਵਿਚ ਜ਼ਖ਼ਮੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕਈ ਇਮਾਰਤਾਂ ਵਿਚ ਝਟਕਿਆਂ ਕਾਰਨ ਅੱਗ ਵੀ ਲੱਗ ਗਈ। ਕਰੀਬ 38 ਐਂਬੂਲੈਂਸਾਂ, ਦੋ ਹੈਲੀਕੌਪਟਰ ਤੇ 35 ਬਚਾਅ ਟੀਮਾਂ ਸ਼ਹਿਰ ਵਿਚ ਰਾਹਤ ਕਾਰਜ ਕਰ ਰਹੀਆਂ ਹਨ। ਕਈ ਪੈਮਾਨਿਆਂ ਉਤੇ ਭੂਚਾਲ ਦੀ ਤੀਬਰਤਾ ਸੱਤ ਤੱਕ ਮਾਪੀ ਗਈ ਹੈ। ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਨੂੰ ਇਮਾਰਤਾਂ ਵਿਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਝਟਕੇ ਏਥਨਜ਼ ਤੇ ਬੁਲਗਾਰੀਆ ਵਿਚ ਵੀ ਮਹਿਸੂਸ ਕੀਤੇ ਗਏ ਹਨ। -ਏਪੀ