ਇਜ਼ਮੀਰ (ਤੁਰਕੀ), 1 ਨਵੰਬਰ
ਤੁਰਕੀ ਤੇ ਯੂਨਾਨ ਵਿੱਚ ਆਏ ਜ਼ਬਰਦਸਤ ਭੂਚਾਲ ਦੇ 34 ਘੰਟਿਆਂ ਬਾਅਦ ਪੱਛਮੀ ਤੁਰਕੀ ਵਿੱਚ ਬਚਾਅ ਕਾਰਜ ’ਚ ਲੱਗੇ ਕਾਮਿਆਂ ਨੇ ਅੱਜ ਢਹਿ-ਢੇਰੀ ਹੋਈ ਇਕ ਇਮਾਰਤ ’ਚੋਂ ਇਕ 70 ਸਾਲਾ ਬਜ਼ੁਰਗ ਵਿਅਕਤੀ ਨੂੰ ਜਿਊਂਦਾ ਬਾਹਰ ਕੱਢ ਲਿਆ। ਜ਼ਿਕਰਯੋਗ ਹੈ ਕਿ ਇਸ ਭੂਚਾਲ ਕਰ ਕੇ ਹੁਣ ਤੱਕ ਕਰੀਬ 53 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 900 ਤੋਂ ਵੱਧ ਲੋਕ ਜ਼ਖ਼ਮੀ ਹੋ ਚੁੱਕੇ ਹਨ। ਸ਼ੁੱਕਰਵਾਰ ਦੁਪਹਿਰ ਨੂੰ ਆਏ ਭੂਚਾਲ ਦੇ ਬਾਅਦ ਤੋਂ ਬਚਾਅ ਕਾਰਜ ਜਾਰੀ ਹਨ।
ਸਿਹਤ ਮੰਤਰੀ ਫ਼ਹਿਰੇਤਿਨ ਕੋਕਾ ਨੇ ਟਵੀਟ ਕੀਤਾ, ‘‘ਬਚਾਅ ਦਲ ਦੇ ਵਰਕਰਾਂ ਨੇ ਐਤਵਾਰ ਰਾਤ ਨੂੰ ਇਕ ਇਮਾਰਤ ਹੇਠ ਦੱਬੇ ਅਹਿਮਦ ਸਿਤਿਮ (70) ਨੂੰ ਬਾਹਰ ਕੱਢ ਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਅਹਿਮਤ ਦਾ ਕਹਿਣਾ ਸੀ ਕਿ ਉਸ ਨੇ ਬਚਣ ਦੀ ਆਸ ਨਹੀਂ ਸੀ ਛੱਡੀ।’’ ਤੁਰਕੀ ਦੀ ਆਪਦਾ ਪਬ੍ਰੰਧਨ ਏਜੰਸੀ ਨੇ ਕਿਹਾ ਕਿ ਇਸ ਭੂਚਾਲ ਕਾਰਨ ਇਕੱਲੇ ਤੁਰਕੀ ਵਿੱਚ 900 ਦੇ ਕਰੀਬ ਲੋਕ ਜ਼ਖ਼ਮੀ ਹੋ ਚੁੱਕੇ ਹਨ। -ਪੀਟੀਆਈ