ਵਾਸ਼ਿੰਗਟਨ, 28 ਦਸੰਬਰ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਅਜਿਹੇ ਬਿਲ ’ਤੇ ਦਸਤਖ਼ਤ ਕੀਤੇ ਹਨ ਜਿਸ ਵਿੱਚ ਤਿੱਬਤ ਵਿੱਚ ਅਮਰੀਕੀ ਸਫਾਰਤਖਾਨਾ ਸਥਾਪਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਇਕ ਕੌਮਾਂਤਰੀ ਗੱਠਜੋੜ ਬਣਾਉਣ ਦੀ ਗੱਲ ਕਹੀ ਗਈ ਹੈ ਕਿ ਅਗਲੇ ਦਲਾਈਲਾਮਾ ਦੀ ਚੋਣ ਸਿਰਫ ਤਿੱਬਤੀ ਬੁੱਧ ਧਰਮ ਨੂੰ ਮੰਨਣ ਵਾਲੇ ਫਿਰਕੇ ਦੇ ਲੋਕ ਹੀ ਕਰਨ ਅਤੇ ਇਸ ਵਿੱਚ ਚੀਨ ਦਾ ਕੋਈ ਦਖ਼ਲ ਨਾ ਹੋਵੇ। ‘ਤਿੱਬਤ ਨੀਤੀ ਅਤੇ ਸਮਰਥਨ ਕਾਨੂੰਨ 2020’ ਵਿੱਚ ਤਿੱਬਤ ਸਬੰਧੀ ਵੱਖ ਵੱਖ ਪ੍ਰੋਗਰਾਮਾਂ ਅਤੇ ਤਜਵੀਜ਼ਾਂ ਵਿੱਚ ਸੋਧ ਕੀਤੀ ਗਈ ਹੈ। ਟਰੰਪ ਨੇ ਐਤਵਾਰ ਨੂੰ ਕਰੋਨਾ ਮਹਾਮਾਰੀ ਨਾਲ ਨਿਜੱਠਣ ਲਈ ਰਾਹਤ ਦੇਣ ਅਤੇ ਫੈਡਰਲ ਸਰਕਾਰ ਨੂੰ ਧਨ ਮੁਹੱਈਆ ਕਰਾਉਣ ਲਈ 2300 ਅਰਬ ਡਾਲਰ ਦੇ ਪੈਕੇਜ ਤਹਿਤ ਐਤਵਾਰ ਨੂੰ ਇਸ ਬਿਲ ਨੂੰ ਮਨਜ਼ੂਰੀ ਦਿੱਤੀ। ਚੀਨ ਦੇ ਵਿਰੋਧ ਦੇ ਬਾਵਜੂਦ ਅਮਰੀਕੀ ਸੈਨੇਟ ਨੇ ਬੀਤੇ ਹਫ਼ਤੇ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਸੀ, ਜਿਸ ਵਿੱਚ ਤਿੱਬਤੀਆਂ ਨੂੰ ਉਨ੍ਹਾਂ ਦੇ ਅਧਿਆਤਮਿਕ ਆਗੂ ਦਾ ਉਤਰਾਅਧਿਕਾਰੀ ਚੁਣਨ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਤਿੱਬਤ ਦੇ ਮੁੱਦਿਆਂ ’ਤੇ ਇਕ ਵਿਸ਼ੇਸ਼ ਕੂਟਨੀਤਕ ਭੂਮਿਕਾ ਦਾ ਵਿਸਥਾਰ ਕੀਤਾ ਗਿਆ ਹੈ। -ਏਜੰਸੀ