* ਅਮਰੀਕੀ ਸਦਰ ਵੱਲੋਂ ਹਮਲੇ ਦੀ ਨਿਖੇਧੀ * ਹਿੰਸਾ ਦੇ ਰੋਸ ਵਜੋਂ ਟਰੰਪ ਦੇ ਸਿੱਖਿਆ ਤੇ ਆਵਾਜਾਈ ਮੰਤਰੀਆਂ ਨੇ ਅਸਤੀਫ਼ੇ ਦਿੱਤੇ
ਵਾਸ਼ਿੰਗਟਨ, 8 ਜਨਵਰੀ
ਅਗਲੇ ਦਿਨਾਂ ’ਚ ਗੱਦੀਓ ਲਾਂਭੇ ਹੋ ਰਹੇ ਅਮਰੀਕੀ ਸਦਰ ਡੋਨਲਡ ਟਰੰਪ ਨੇ ਆਪਣੇ ਹਮਾਇਤੀਆਂ ਵੱਲੋਂ ਯੂਐੱਸ ਕੈਪੀਟਲ (ਸੰਸਦ ਭਵਨ) ’ਚ ਮਚਾਏ ਹੁੜਦੰਗ ਤੋਂ ਇਕ ਦਿਨ ਮਗਰੋਂ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਟਰੰਪ ਨੇ ਕਿਹਾ ਕਿ ਅਜਿਹੇ ਲੋਕ ਅਮਰੀਕਾ ਦੀ ਨੁਮਾਇੰਦਗੀ ਨਹੀਂ ਕਰਦੇ। ਇਸ ਦੌਰਾਨ ਟਰੰਪ ਨੇ ਅਹਿਦ ਲਿਆ ਕਿ ਉਹ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਸੱਤਾ ਦੀ ਵਿਵਸਥਤ, ਕ੍ਰਮਬੱਧ ਤੇ ਸੁਖਾਲੀ ਤਬਦੀਲੀ ਯਕੀਨੀ ਬਣਾਉਣਗੇ। ਇਸ ਦੌਰਾਨ ਟਰੰਪ ਹਮਾਇਤੀਆਂ ਵੱਲੋਂ ਕੀਤੀ ਹਿੰਸਾ ਦੇ ਰੋਸ ਵਜੋਂ ਅਮਰੀਕੀ ਕੈਬਨਿਟ ’ਚ ਸਿੱਖਿਆ ਤੇ ਆਵਾਜਾਈ ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ। ਉਧਰ ਹੁੜਦੰਗੀਆਂ ਨੂੰ ਰੋਕਣ ’ਚ ਨਾਕਾਮ ਰਹਿਣ ’ਤੇ ਯੂਐੱਸ ਕੈਪੀਟਲ ਦੇ ਪੁਲੀਸ ਮੁਖੀ ਸਟੀਵਨ ਸੰਡ ਨੇ ਵੀ ਅਹੁਦੇ ਤੋਂ ਅਸਤੀਫ਼ੇ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਲੰਘੇ ਦਿਨ ਹੋਈ ਹਿੰਸਾ ’ਚ ਜ਼ਖ਼ਮੀ ਹੋਏ ਪੁਲੀਸ ਕਰਮੀ ਦੇ ਦਮ ਤੋੜਨ ਨਾਲ ਯੂਐਸ ਕੈਪੀਟਲ ਹਿੰਸਾ ਮਾਮਲੇ ’ਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਹਜੂਮ ਨੂੰ ਯੂਐੱਸ ਕੈਪੀਟਲ ਵੱਲ ਵਧਣ ਦੀ ਕੀਤੀ ਅਪੀਲ ਤੋਂ ਇਕ ਦਿਨ ਮਗਰੋਂ ਅਮਰੀਕੀ ਸਦਰ ਨੇ ਅੱਜ ਇਕ ਨਵੇਂ ਵੀਡੀਓ ਸੁਨੇਹੇ ’ਚ ਕਿਹਾ ਕਿ ਅਮਰੀਕਾ ਅਮਨ ਤੇ ਕਾਨੂੰਨ ਪਸੰਦ ਮੁਲਕ ਹੈ ਤੇ ਹਮੇਸ਼ਾ ਰਹੇਗਾ। ਟਰੰਪ ਨੇ ਕਿਹਾ, ‘ਹੋਰਨਾਂ ਅਮਰੀਕੀਆਂ ਵਾਂਗ ਮੈਂ ਇਸ ਹਿੰਸਾ, ਲਾਕਾਨੂੰਨੀ ਤੇ ਹੁੜਦੰੰਗ ਤੋਂ ਦੁਖੀ ਹਾਂ। ਮੈਂ ਅਮਰੀਕੀ ਸੰਸਦ ਦੀ ਸੁਰੱਖਿਆ ਲਈ ਫੌਰੀ ਕੌਮੀ ਸੁਰੱਖਿਆ ਗਾਰਡ ਤੇ ਸੰਘੀ ਕਾਨੂੰਨ ਏਜੰਸੀਆਂ ਨੂੰ ਤਾਇਨਾਤ ਕਰ ਦਿੱਤਾ ਹੈ।’ -ਪੀਟੀਆਈ
ਕੈਪੀਟਲ ਹਿੰਸਾ ਟਰੰਪ ਵੱਲੋਂ ਕੀਤੇ ‘ਜਮਹੂਰੀਅਤ ਦੇ ਨਿਰਾਦਰ’ ਦਾ ਨਤੀਜਾ: ਬਾਇਡਨ
ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਹਮਾਇਤੀਆਂ ਵੱਲੋਂ ਕੈਪੀਟਨ ਹਿੱਲ ’ਤੇ ਕੀਤੇ ਹਮਲੇ ਨੂੰ ਅਮਰੀਕੀ ਇਤਿਹਾਸ ਦਾ ਕਾਲਾ ਦਿਨ ਕਰਾਰ ਦਿੱਤਾ ਹੈ। ਬਾਇਡਨ ਨੇ ਕਿਹਾ ਕਿ ਕੈਪੀਟਲ ਹਿੱਲ ਹਿੰਸਾ ਟਰੰਪ ਵੱਲੋਂ ਕੀਤੇ ‘ਜਮਹੂਰੀਅਤ ਦੇ ਅਨਾਦਰ’ ਦਾ ਨਤੀਜਾ ਹੈ। ਬਾਇਡਨ ਨੇ ਕਿਹਾ ਕਿ ਯੂਐੱਸ ਕੈਪੀਟਲ ’ਚ ਹੋਈ ਹਿੰਸਾ ਦੀ ਘਟਨਾ ਕੋਈ ਅਸਹਿਮਤੀ ਜਾਂ ਵਿਰੋਧ ਪ੍ਰਦਰਸ਼ਨ ਨਹੀਂ ਬਲਕਿ ਅਰਾਜਕਤਾ ਸੀ। ਉਨ੍ਹਾਂ ਕਿਹਾ, ‘ਉਹ ਪ੍ਰਦਰਸ਼ਨਕਾਰੀ ਨਹੀਂ ਸੀ। ਉਨ੍ਹਾਂ ਨੂੰ ਪ੍ਰਦਰਸ਼ਨਕਾਰੀ ਨਾ ਕਹੋ। ਉਹ ਦੰਗਾਈਆਂ ਦਾ ਹਜੂਮ ਸੀ, ਉਹ ਦੇਸ਼ ਦੇ ਦੇ ਦਹਿਸ਼ਤਗਰਦ ਸੀ। ਕਾਸ਼ ਮੈਂ ਇਹ ਕਹਿ ਸਕਦਾ ਕਿ ਅਸੀਂ ਇਹ ਸਭ ਨਹੀਂ ਵੇਖਿਆ, ਪਰ ਇਹ ਸੱਚ ਨਹੀਂ ਹੈ।’ -ਪੀਟੀਆਈ