ਵਾਸ਼ਿੰਗਟਨ, 5 ਅਕਤੂਬਰ
ਫੌਜੀ ਹਸਪਤਾਲ ’ਚ ਭਰਤੀ ਕੋਵਿਡ-19 ਤੋਂ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਹਮਾਇਤੀਆਂ ਦਾ ਪਿਆਰ ਕਬੂਲਣ ਲਈ ਗੱਡੀ ’ਚ ਸਵਾਰ ਹੋ ਕੇ ਨਿਕਲੇ ਤੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੀਆਂ ਗੱਡੀਆਂ ਦਾ ਕਾਫਲਾ ਵਾਸ਼ਿੰਗਟਨ ਡੀਸੀ ਦੇ ਮੈਰੀਲੈਂਡ ਉਪ ਸ਼ਹਿਰ ’ਚ ਬੇਥੈਸਟਾ ਦੇ ਰੌਕਵਿਲੇ ਪਾਈਕ ਤੋਂ ਹੋ ਕੇ ਲੰਘਿਆ। ਇਹ ਮਾਰਗ ਕੌਮੀ ਸਿਹਤ ਸੰਸਥਾ ਤੇ ਵਾਲਟਰ ਰੀਡ ਕੌਮੀ ਫੌਜੀ ਸਿਹਤ ਕੇਂਦਰ ਵਿਚਾਲੇ ਸਥਿਤ ਹੈ। ਰਾਸ਼ਟਰਪਤੀ ਨੂੰ ਦੇਖ ਦੇ ਉਨ੍ਹਾਂ ਦੇ ਹਮਾਇਤੀ ਖੁਸ਼ ਹੋ ਗਏ। ਇਸ ਤੋਂ ਤੁਰੰਤ ਬਾਅਦ ਟਰੰਪ ਨੇ ਟਵੀਟ ਕੀਤਾ, ‘ਹਸਪਤਾਲ ਦੇ ਬਾਹਰ ਮੌਜੂਦ ਸਾਰੇ ਪ੍ਰਸ਼ੰਸਕਾਂ ਤੇ ਸਮਰਥਕਾਂ ਦੀ ਮੈਂ ਸ਼ਲਾਘਾ ਕਰਦਾ ਹਾਂ। ਗੱਲ ਇਹ ਹੈ ਕਿ ਲੋਕ ਅਸਲ ’ਚ ਦੇਸ਼ ਨੂੰ ਪਿਆਰ ਕਰਦੇ ਹਨ ਤੇ ਦੇਖ ਰਹੇ ਹਨ ਕਿ ਕਿਸ ਤਰ੍ਹਾਂ ਅਸੀਂ ਇਸ ਨੂੰ ਪਹਿਲਾਂ ਤੋਂ ਵੀ ਚੰਗਾ ਬਣਾ ਰਹੇ ਹਾਂ।’ ਫੌਜੀ ਹਸਪਤਾਲ ਦੇ ਬਾਹਰ ਲੋਕਾਂ ਦੀ ਭੀੜ ਰੋਜ਼ਾਨਾ ਵਧਦੀ ਜਾ ਰਹੀ ਹੈ। -ਏਪੀ