ਵਾਸ਼ਿੰਗਟਨ, 24 ਅਗਸਤ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਵਿਡ-19 ਮਰੀਜ਼ਾਂ ਦੇ ਪਲਾਜ਼ਮਾ ਵਿਧੀ ਰਾਹੀਂ ਇਲਾਜ ਨੂੰ ਅਧਿਕਾਰਤ ਪ੍ਰਵਾਨਗੀ ਦੇ ਦਿੱਤੀ ਹੈ। ਅਮਰੀਕੀ ਸਦਰ ਨੇ ਇਸ ਵਿਧੀ ਨੂੰ ਨਵੀਂ ਲੱਭਤ ਕਰਾਰ ਦਿੱਤਾ ਹੈ। ਉਧਰ ਸਿਹਤ ਮਾਹਿਰਾਂ ਨੇ ਕਿਹਾ ਕਿ ਜਸ਼ਨ ਮਨਾਉਣਾ ਅਜੇ ਜਲਦਬਾਜ਼ੀ ਹੋਵੇਗੀ, ਕਿਉਂਕਿ ਅਜੇ ਹੋਰ ਅਧਿਐਨ ਦੀ ਲੋੜ ਹੈ। ਟਰੰਪ ਨੇ ਇਹ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਵ੍ਹਾਈਟ ਹਾਊਸ ਅਧਿਕਾਰੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਖੁਰਾਕ ਤੇ ਡਰੱਗ ਪ੍ਰਸ਼ਾਸਨ ਵੱਲੋਂ ਗਿਣ ਮਿੱਥ ਕੇ ਬੇਵਜ੍ਹਾ ਇਸ ਵਿਧੀ ਦੇ ਤਜਰਬੇ ਨੂੰ ਲਮਕਾਇਆ ਜਾ ਰਿਹੈ ਤਾਂ ਕਿ ਟਰੰਪ ਦੇ ਅਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਮੁੜ ਚੁਣੇ ਜਾਣ ਦੇ ਆਸਾਰ ਨਾ ਬਣ ਜਾਣ।