ਨਿਊਯਾਰਕ, 11 ਅਗਸਤ
ਹਾਲ ਹੀ ਵਿੱਚ ਇੱਕ ਪੱਤ੍ਰਿਕਾ ‘ਪਲੋਸ ਵਨ’ ਵਿੱਚ ਛਪੇ ਇੱਕ ਅਧਿਐਨ ਮੁਤਾਬਕ ਵਾਇਰਸਾਂ ਦੇ ਪਰਿਵਾਰ- ਕਰੋਨਾਵਾਇਰਸ ਦਾ ਵਿਸਤਾਰ ਜੰਗਲੀ ਜੀਵਾਂ ਰਾਹੀਂ ਵੀ ਸੰਭਵ ਹੈ। ਅਧਿਐਨ ਮੁਤਾਬਕ ਇਹ ਵਿਸਤਾਰ ਜੰਗਲੀ ਜੀਵਾਂ ਦੇ ਵੱਡੇ ਬਾਜ਼ਾਰਾਂ ਤੋਂ ਰੈਸਟੋਰੈਂਟਾਂ ਤੱਕ ਪੁੱਜਣ ਤੱਕ ਵੀ ਸੰਭਵ ਹੈ ਤੇ ਇਸ ਮੁਤਾਬਕ ਇਸ ਦਾ ਸਭ ਤੋਂ ਵੱਧ ਖ਼ਤਰਾ ਅਖੀਰਲੇ ਉਪਭੋਗਤਾ ਨੂੰ ਹੁੰਦਾ ਹੈ। ਇੰਜ, ਇਹ ਵਾਇਰਸ ਵੱਖ-ਵੱਖ ਪ੍ਰਜਾਤੀਆਂ ਤੋਂ ਵਿਅਕਤੀ ’ਚ ਪੁੱਜਦੇ ਹਨ।
ਜਰਨਲ ‘ਪਲੋਸ ਵਨ’ ਵਿੱਚ ਛਪੇ ਇੱਕ ਅਧਿਐਨ ਮੁਤਾਬਕ ਵੀਅਤਨਾਮ ਵਿੱਚ ਸਾਲ 2013-2014 ਤੱਕ ਵੀਅਤਨਾਮ ਵਿੱਚ ਚਮਗਾਦੜਾਂ ਤੇ ਚੂਹਿਆਂ ਵਿੱਚ ਕਰੋਨਵਾਇਰਸ ਦੀਆਂ ਕਈ ਕਿਸਮਾਂ ਵੱਡੀ ਮਾਤਰਾ ਵਿੱਚ ਹੋਣ ਬਾਰੇ ਪਤਾ ਲੱਗਾ ਸੀ। ਇਹੀ ਨਹੀਂ, ਜੰਗਲੀ ਜੀਵਾਂ ਸਬੰਧੀ ਸਪਲਾਈ ਚੇਨ ’ਚ ਵੀ ਵੱਡੀ ਗਿਣਤੀ ’ਚ ਕਰੋਨਾਵਾਇਰਸ ਕੇਸਾਂ ਦਾ ਖੁਲਾਸਾ ਹੋਇਆ ਸੀ। ਅਮਰੀਕਾ ਵਿੱਚ ‘ਵਾਈਲਡ ਲਾਈਫ ਕਨਜ਼ਰਵੇਸ਼ਨ ਸੁਸਾਇਟੀ’ ਦੇ ਵਿਗਿਆਨੀਆਂ ਸਮੇਤ ਹੋਰ ਅਧਿਐਨਕਰਤਾਵਾਂ ਮੁਤਾਬਕ ਸਪਲਾਈ ਲੜੀ ਦੇ ਸਭ ਤੋਂ ਅਖੀਰਲੇ ਉਪਭੋਗਤਾਵਾਂ ਵਿੱਚ ਕਰੋਨਾਵਾਇਰਸ ਦਾ ਸਭ ਤੋਂ ਵੱਧ ਖ਼ਤਰਾ ਵੇਖਣ ਨੂੰ ਮਿਲਿਆ ਸੀ। ਵਿਗਿਆਨੀਆਂ ਮੁਤਾਬਕ ਇਹ ਵਾਇਰਸ ਪ੍ਰਜਾਤੀਆਂ ਤੋਂ ਮਨੁੱਖਾਂ ਵਿੱਚ ਫੈਲਦਾ ਹੈ ਤੇ ਅੰਤ ’ਚ ਮਹਾਮਾਰੀਆਂ ਦਾ ਕਾਰਨ ਬਣਦਾ ਹੈ। ਇਸ ਅਧਿਐਨ ਮੁਤਾਬਕ ਪਿਛਲੇ ਦੋ ਦਹਾਕਿਆਂ ਵਿੱਚ ਕਰੋਨਵਾਇਰਸਾਂ ਦੇ ਪੈਦਾ ਹੋਣ ਤੇ ਸਾਰਸ-ਕੋਵਿਡ-2 ਕਾਰਨ ਪੈਦਾ ਹੋਈ ਮੌਜੂਦਾ ਮਹਾਮਾਰੀ ਇਨ੍ਹਾਂ ਵਾਇਰਸਾਂ ਦੇ ਲੋਕਾਂ ਦੀ ਸਿਹਤ ਲਈ ਖ਼ਤਰਾ ਬਣਨ ਤੋਂ ਜਾਣੂ ਕਰਵਾਉਂਦੀ ਹੈ। ਚੀਨ ਵਿੱਚ ਇੱਕ ਚਮਗਾਦੜ ਤੋਂ ਮਨੁੱਖੀ ਸਰੀਰ ’ਚ ਤਬਦੀਲ ਹੋਏ ਕਰੋਨਾਵਾਇਰਸ ਕਾਰਨ ਅੱਜ ਪੂਰੇ ਵਿਸ਼ਵ ’ਚ ਕੋਵਿਡ- 19 ਸਬੰਧੀ ਕੇਸ ਲਗਾਤਾਰ ਵਧ ਰਹੇ ਹਨ। ਇਸ ਵਿਸਤਾਰ ’ਚ ਜੰਗਲੀ ਜੀਵਾਂ ਦੀ ਖ਼ਰੀਦੋ-ਫਰੋਖ਼ਤ ਕਰਨ ਵਾਲੇ ਬਾਜ਼ਾਰ ਵੀ ਇੱਕ ਕੜੀ ਹਨ। -ਪੀਟੀਆਈ