ਕੀਵ/ਮਾਸਕੋ/ਵਾਸ਼ਿੰਗਟਨ, 9 ਅਗਸਤ
ਰੂਸੀ ਫ਼ੌਜ ਵੱਲੋਂ ਰੂਸ ਦੇ ਕਬਜ਼ੇ ਵਾਲੇ ਪਰਮਾਣੂ ਊਰਜਾ ਪਲਾਂਟ ਨੇੜੇ ਕੀਤੇ ਗਏ ਹਮਲੇ ਸਮੇਤ ਪਿਛਲੇ 24 ਘੰਟਿਆਂ ’ਚ ਕੀਤੀ ਗਈ ਬੰਬਾਰੀ ਤੇ ਗੋਲੀਬਾਰੀ ਵਿੱਚ ਯੂਕਰੇਨ ਦੇ ਘੱਟੋ-ਘੱਟ ਤਿੰਨ ਨਾਗਰਿਕ ਮਾਰੇ ਗਏ ਅਤੇ 23 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਦਿੱਤੀ। ਦਿਨਪਰੋਪੈਤਰੋਵਸਕ ਦੇ ਗਵਰਨਰ ਵੈਲੇਂਟੀਨ ਰੈਜ਼ਨੀਚੈਂਕੋ ਨੇ ਕਿਹਾ ਕਿ ਰੂਸੀ ਫ਼ੌਜ ਨੇ ਦੱਖਣੀ ਸ਼ਹਿਰ ਨਿਕੋਪੋਲ ਵਿੱਚ ਗਰੇਡ ਮਲਟੀਪਲ ਰਾਕੇਟ ਲਾਂਚਰ ਨਾਲ 120 ਰਾਕੇਟ ਦਾਗੇ। ਇਹ ਸ਼ਹਿਰ ਜ਼ੈਪੋਰਿਜ਼ੀਆ ਪਰਮਾਣੂ ਪਲਾਂਟ ਨੇੜੇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਵਿੱਚ ਕਈ ਇਮਾਰਤਾਂ ਤੇ ਸਨਅਤਾਂ ਨੁਕਸਾਨੀਆਂ ਗਈਆਂ। ਹਾਲ ਦੇ ਦਿਨਾਂ ਵਿੱਚ ਯੂਕਰੇਨ ਤੇ ਰੂਸ ਇਕ-ਦੂਜੇ ’ਤੇ ਪਰਮਾਣੂ ਪਲਾਂਟ ’ਤੇ ਬੰਬਾਰੀ ਦੇ ਦੋਸ਼ ਲਗਾਉਂਦੇ ਰਹੇ ਹਨ। ਇਹ ਪਰਮਾਣੂ ਪਲਾਂਟ ਯੂਰੋਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਹੈ। ਇਸ ਨੇੜੇ ਹਮਲਿਆਂ ਕਰਨ ਨਾਲ ਪਰਮਾਣੂ ਹਾਦਸੇ ਦਾ ਖ਼ਤਰਾ ਵਧ ਜਾਂਦਾ ਹੈ। ਰੈਜ਼ਨੀਚੈਂਕੋ ਨੇ ਇਕ ਹੋਰ ਪਰਮਾਣੂ ਤਬਾਹੀ ਦਾ ਡਰ ਪੈਦਾ ਕਰਨ ਲਈ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ। ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਰੂਸੀ ਬਲਾਂ ਨੇ ਸੈਂਟਰਲ ਯੂਰਕੇਨ ਦੇ ਸ਼ਹਿਰ ਉਮਾਨ ਨੇੜੇ ਸਥਿਤ ਅਸਲਾ ਡਿੱਪੂ ਨੂੰ ਤਬਾਹ ਕਰ ਦਿੱਤਾ, ਜਿਸ ਵਿੱਚ ਅਮਰੀਕਾ ’ਚ ਬਣੀਆਂ ਹਿਮਾਰਸ (ਐੱਚਆਈਐੱਮਏਆਰਐੱਸ) ਮਿਜ਼ਾਈਲਾਂ ਤੇ ਐੱਮ777 ਹਾਵਿਟਜ਼ਰ ਰੱਖੇ ਹੋਏ ਸਨ। ਇਸੇ ਦੌਰਾਨ ਬਾਇਡਨ ਪ੍ਰਸ਼ਾਸਨ ਨੇ ਯੂਕਰੇਨ ਨੂੰ ਭਰੋਸਾ ਦਿੱਤਾ ਕਿ ਉਸ ਵੱਲੋਂ ਇਕ ਅਰਬ ਅਮਰੀਕੀ ਡਾਲਰ ਕੀਮਤ ਦੇ ਰਾਕੇਟ, ਅਸਲਾ ਅਤੇ ਹੋਰ ਸਮੱਗਰੀ ਯੂਕਰੇਨ ਨੂੰ ਭੇਜੀ ਜਾ ਰਹੀ ਹੈ। -ਏਜੰਸੀ
ਕ੍ਰੀਮੀਆ ਵਿੱਚ ਰੂਸੀ ਫ਼ੌਜ ਦੇ ਹਵਾਈ ਅੱਡੇ ’ਤੇ ਵੱਡਾ ਧਮਾਕਾ
ਕੀਵ: ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰੂਸ ਨਾਲ ਲੱਗਦੇ ਕ੍ਰੀਮੀਆ ਵਿੱਚ ਸਥਿਤ ਰੂਸੀ ਫ਼ੌਜ ਦੇ ਇਕ ਹਵਾਈ ਅੱਡੇ ’ਤੇ ਅੱਜ ਵੱਡਾ ਧਮਾਕਾ ਹੋਇਆ, ਜਿਸ ਨਾਲ ਅੱਗ ਲੱਗ ਗਈ ਪਰ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਦੌਰਾਨ ਹਵਾਈ ਅੱਡੇ ’ਤੇ ਖੜ੍ਹੇ ਜੰਗੀ ਜਹਾਜ਼ਾਂ ਦਾ ਨੁਕਸਾਨ ਹੋਣ ਤੋਂ ਵੀ ਬਚਾਅ ਰਿਹਾ। ਉੱਧਰ, ਖ਼ਬਰ ਲਿਖੇ ਜਾਣ ਤੱਕ ਇਸ ਸਬੰਧੀ ਯੂਕਰੇਨ ਦੇ ਅਧਿਕਾਰੀਆਂ ਨੇ ਕੋਈ ਟਿੱਪਣੀ ਨਹੀਂ ਸੀ ਕੀਤੀ। -ਏਪੀ