ਮੁੱਖ ਅੰਸ਼
- ਜੁਆਬੀ ਕਾਰਵਾਈ ਦੌਰਾਨ ਯੂਕਰੇਨ ਨੇ ਰੂਸ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਰਾਕੇਟ ਦਾਗ਼ੇ
- ਦੋਵਾਂ ਦੇਸ਼ਾਂ ਵਿੱਚ 150 ਦਿਨਾਂ ਤੋਂ ਜੰਗ ਜਾਰੀ
ਕੀਵ, 23 ਜੁਲਾਈ
ਰੂਸ ਦੀ ਫ਼ੌਜ ਨੇ ਮੱਧ ਯੂਕਰੇਨ ਦੇ ਇੱਕ ਹਵਾਈ ਖੇਤਰ ਵਿੱਚ ਅੱਜ ਮਿਜ਼ਾਈਲ ਦਾਗ਼ੀ, ਜਿਸ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਇਸੇ ਦੌਰਾਨ ਯੂਕਰੇਨ ਦੀ ਫ਼ੌਜ ਨੇ ਵੀ ਰੂਸ ਦੇ ਕਬਜ਼ੇ ਵਾਲੇ ਦੱਖਣੀ ਇਲਾਕੇ ਵਿੱਚ ਨਦੀ ਪਾਰ ਰਾਕੇਟ ਹਮਲੇ ਕੀਤੇ। ਯੂਕਰੇਨ ਉੱਤੇ ਰੂਸ ਦੇ ਹਮਲੇ ਦੇ 150ਵੇਂ ਦਿਨ ਕਈ ਮਹੱਤਵਪੂਰਨ ਇਮਾਰਤੀ ਢਾਂਚਿਆਂ ’ਤੇ ਹਮਲੇ ਹੋਏ। ਰੂਸ ਨੇ ਯੂਕਰੇਨ ਦੇ ਮੱਧ ਵਿੱਚ ਸਥਿਤ ਕਿਰੋਵੋਹਰਾਡਸਕਾ ਖੇਤਰ ਵਿੱਚ ਇੱਕ ਹਵਾਈ ਖੇਤਰ ਅਤੇ ਇੱਕ ਰੇਲਵੇ ਸਟੇਸ਼ਨ ’ਤੇ 12 ਮਿਜ਼ਾਈਲਾਂ ਦਾਗ਼ੀਆਂ। ਗਵਰਨਰ ਐਂਡਰੇਅ ਰੇਲਕੋਵਿਚ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਦੌਰਾਨ ਘੱਟ ਤੋਂ ਘੱਟ ਇੱਕ ਮੁਲਾਜ਼ਮ ਅਤੇ ਦੋ ਗਾਰਡਾਂ ਦੀ ਮੌਤ ਹੋ ਗਈ। ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਕਿਰੋਵੋਹਰਾਡ ਸ਼ਹਿਰ ਨੇੜੇ ਹੋਏ ਹਮਲੇ ਵਿੱਚ 13 ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਹਮਲੇ ਦੀ ਸ਼ੁਰੂਆਤ ਵਿੱਚ ਰੂਸੀ ਫ਼ੌਜੀ ਬਲਾਂ ਵੱਲੋਂ ਕਬਜ਼ੇ ਹੇਠ ਲਏ ਗਏ ਦੱਖਣੀ ਖੇਰਸੋਨ ਇਲਾਕੇ ਵਿੱਚ ਯੂਕਰੇਨੀ ਫ਼ੌਜਾਂ ਨੇ ਦਨੀਪਰ ਨਦੀ ਤੋਂ ਪਾਰ ਰਾਕੇਟ ਦਾਗ਼ੇ ਅਤੇ ਰੂਸੀ ਫ਼ੌਜਾਂ ਤੱਕ ਪਹੁੰਚਣ ਵਾਲੀ ਸਮੱਗਰੀ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ।
ਇਹ ਤਾਜ਼ਾ ਹਮਲੇ ਅਜਿਹੇ ਸਮੇਂ ਕੀਤੇ ਗਏ ਹਨ, ਜਦੋਂ ਕੁੱਝ ਹੀ ਘੰਟੇ ਪਹਿਲਾਂ ਰੂਸ ਅਤੇ ਯੂਕਰੇਨ ਨੇ ਤੁਰਕੀ ਅਤੇ ਸੰਯੁਕਤ ਰਾਸ਼ਟਰ ਨਾਲ ਵੱਖੋ-ਵੱਖਰੇ ਸਮਝੌਤੇ ਕਰਕੇ ਲੱਖਾਂ ਟਨ ਅਨਾਜ ਹੋਰ ਮੁਲਕਾਂ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਸਮਝੌਤਿਆਂ ਨਾਲ ਦੁਨੀਆ ਭਰ ਵਿੱਚ ਖਾਧ ਸੁਰੱਖਿਆ ਸਬੰਧੀ ਬਣਿਆ ਸੰਕਟ ਖ਼ਤਮ ਹੋ ਜਾਵੇਗਾ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਰਾਤ ਨੂੰ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਸਮਝੌਤਾ ‘ਇਹ ਇੱਕ ਵਿਸ਼ਵਵਿਆਪੀ ਅਕਾਲ ਰੋਕਣ ਦਾ ਮੌਕਾ ਹੈ, ਜਿਸ ਨਾਲ ਦੁਨੀਆ ਦੇ ਕਈ ਦੇਸ਼ਾਂ ਖਾਸ ਕਰਕੇ ਜੋ ਸਾਡੀ ਮਦਦ ਕਰਦੇ ਹਨ, ਵਿੱਚ ਸਿਆਸੀ ਅਰਾਜਕਤਾ ਪੈਦਾ ਹੋ ਸਕਦੀ ਹੈ।’ -ਏਪੀ