ਸਮਰਕੰਦ (ਉਜ਼ਬੇਕਿਸਤਾਨ), 16 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਕਿ ਇਹ ਸਮਾਂ ਜੰਗ ਦਾ ਨਹੀਂ ਹੈ। ਇਸ ਸਮੇਂ ਸੰਸਾਰ ਭੋਜਨ, ਖਾਦ ਅਤੇ ਈਂਧਣ ਸੁਰੱਖਿਆ ਦੇ ਨਾਲ ਨਾਲ ਹੋਰ ਵੱਡੀਆਂ ਚਿੰਤਾਵਾਂ ਦਾ ਸਾਹਮਣਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਇੱਥੇ ਸੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੰਮੇਲਨ ਤੋਂ ਵੱਖਰੇ ਤੌਰ ’ਤੇ ਪੂਤਿਨ ਨਾਲ ਗੱਲਬਾਤ ਕਰ ਰਹੇ ਸਨ। ਮੋਦੀ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਅੱਜ ਦਾ ਸਮਾਂ ਜੰਗ ਦਾ ਨਹੀਂ ਹੈ ਅਤੇ ਮੈਂ ਇਸ ਬਾਰੇ ਤੁਹਾਡੇ (ਪੂਤਿਨ) ਨਾਲ ਫੋਨ ’ਤੇ ਗੱਲ ਕੀਤੀ ਸੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਰੂਸ ਕਈ ਦਹਾਕਿਆਂ ਤੋਂ ਇੱਕ-ਦੂਜੇ ਨਾਲ ਖੜ੍ਹੇ ਰਹੇ ਹਨ ਅਤੇ ਉਮੀਦ ਹੈ ਕਿ ਉਹ ਅਤੇ ਪੂਤਿਨ ਸ਼ਾਂਤੀ ਦੇ ਰਾਹ ’ਤੇ ਅੱਗੇ ਵਧਣ ਦੀ ਰਣਨੀਤੀ ਬਣਾ ਸਕਦੇ ਹਨ। ਇਸ ਦੁਵੱਲੀ ਮੀਟਿੰਗ ਤੋਂ ਪਹਿਲਾਂ ਪੂਤਿਨ ਨੇ ਮੀਡੀਆ ਨੂੰ ਕਿਹਾ ਸੀ, ‘‘ਅਸੀਂ ਯੂਕਰੇਨ ਵਿੱਚ ਟਕਰਾਅ ਸਬੰਧੀ ਤੁਹਾਡੀ ਸਥਿਤੀ ਅਤੇ ਚਿੰਤਾਵਾਂ ਤੋਂ ਵਾਕਿਫ਼ ਹਾਂ। ਅਸੀਂ ਇਸ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨਾ ਚਾਹੁੰਦੇ ਹਾਂ।’’ ਪੂਤਿਨ ਨੇ ਪੱਛਮੀ ਦੇਸ਼ਾਂ ਵੱਲੋਂ ਲਗਾਈ ਗਈਆਂ ਪਾਬੰਦੀਆਂ ਮਗਰੋਂ ਭਾਰਤ ਵੱਲੋਂ ਤੇਲ, ਕੋਲਾ ਅਤੇ ਖਾਦ ਸਣੇ ਹੋਰ ਰੂਸੀ ਵਸਤਾਂ ਲਈ ਰਾਹ ਖੋਲ੍ਹੇ ਜਾਣ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਪੂਤਿਨ ਨੇ ਕਿਹਾ, ‘‘ਸਾਡਾ ਵਪਾਰ ਵਧ ਰਿਹਾ ਹੈ। ਭਾਰਤੀ ਬਾਜ਼ਾਰ ਵਿੱਚ ਰੂਸੀ ਖ਼ਾਦ ਦੀ ਹੋਰ ਸਪਲਾਈ ਲਈ ਤੁਹਾਡਾ ਧੰਨਵਾਦ, ਜੋ ਅੱਠ ਗੁਣਾਂ ਤੋਂ ਵੱਧ ਰਹੀ ਹੈ। ਮੈਨੂੰ ਉਮੀਦ ਹੈ ਕਿ ਇਹ ਭਾਰਤ ਦੇ ਖੇਤੀਬਾੜੀ ਖੇਤਰ ਲਈ ਬਹੁਤ ਵੱਡੀ ਮਦਦਗਾਰ ਸਾਬਤ ਹੋਵੇਗਾ।’’ ਉਧਰ, ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਰਾਤ ਨੂੰ ਸਮਰਕੰਦ ਤੋਂ ਭਾਰਤ ਲਈ ਰਵਾਨਾ ਹੋ ਗਏ ਹਨ।