ਪੇਈਚਿੰਗ, 9 ਮਈ
ਚੀਨ ਦੇ ਇਕ ਰਾਕੇਟ ਦਾ ਮਲਬਾ ਵਾਪਸੀ ਵੇਲੇ ਧਰਤੀ ਦੇ ਵਾਤਾਵਰਨ ਵਿਚ ਦਾਖਲ ਹੋਣ ਤੋਂ ਬਾਅਦ ਹਿੰਦ ਮਹਾਸਾਗਰ ਵਿਚ ਡਿਗ ਗਿਆ। ਰਿਪੋਰਟ ਮੁਤਾਬਕ ਜਿੱਥੇ ਮਲਬਾ ਡਿਗਿਆ ਹੈ, ਉਹ ਥਾਂ ਮਾਲਦੀਵਜ਼ ਲਾਗੇ ਹੈ। ਦੱਸਣਯੋਗ ਹੈ ਕਿ ਇਸ ਰਾਕੇਟ ਬਾਰੇ ਲੋਕਾਂ ਤੇ ਸਰਕਾਰਾਂ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਇਹ ਕਿੱਥੇ ਡਿਗੇਗਾ। ਇਸ ਲਈ ਫ਼ਿਕਰ ਜ਼ਾਹਿਰ ਕੀਤਾ ਗਿਆ ਸੀ। ਚੀਨ ਦਾ ‘ਲੌਂਗ ਮਾਰਚ 5ਬੀ ਰਾਕੇਟ’ ਪੁਲਾੜ ਤੋਂ ਵਾਪਸੀ ਵੇਲੇ ਧਰਤੀ ਦੇ ਵਾਤਾਵਰਨ ਵਿਚ ਪੇਈਚਿੰਗ ਦੇ ਸਮੇਂ ਦੇ ਹਿਸਾਬ ਨਾਲ ਸਵੇਰੇ 10.24 ’ਤੇ ਦਾਖ਼ਲ ਹੋਇਆ ਤੇ ਖੁੱਲ੍ਹੇ ਸਮੁੰਦਰ ਵਿਚ ਡਿਗ ਗਿਆ। ਚੀਨ ਦੇ ਪੁਲਾੜ ਵਿਭਾਗ ਮੁਤਾਬਕ ਜ਼ਿਆਦਾਤਰ ਮਲਬਾ ਵਾਪਸੀ ਵੇਲੇ ਸੜ ਗਿਆ ਸੀ। ਇਹ ਰਾਕੇਟ ਚੀਨ ਦੇ ਪੁਲਾੜ ਸਟੇਸ਼ਨ ਲਈ 29 ਅਪਰੈਲ ਨੂੰ ਦਾਗਿਆ ਗਿਆ ਸੀ। ਇਸ ਤੋਂ ਪਹਿਲਾਂ ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਨੇ ਕਿਹਾ ਸੀ ਕਿ ਇਸ ਵੱਲੋਂ ਇਕ ਵੱਡੇ ਚੀਨੀ ਰਾਕੇਟ ਨੂੰ ਟਰੈਕ ਕੀਤਾ ਜਾ ਰਿਹਾ ਹੈ ਜੋ ਕਿ ਕਾਬੂ ਤੋਂ ਬਾਹਰ ਹੋ ਗਿਆ ਹੈ ਤੇ ਹਫ਼ਤੇ ਦੇ ਅੰਤ ਵਿਚ ਧਰਤੀ ਦੇ ਵਾਤਾਵਰਨ ਵਿਚ ਦਾਖਲ ਹੋਵੇਗਾ। ਜਦਕਿ ਚੀਨ ਨੇ ਕਿਹਾ ਸੀ ਕਿ ਜਦ ਰਾਕੇਟ ਧਰਤੀ ਦੇ ਵਾਤਾਵਰਨ ਵਿਚ ਦਾਖਲ ਹੋਵੇਗਾ ਤਾਂ ਸੜ ਕੇ ਸੁੰਗੜ ਗਿਆ ਹੋਵੇਗਾ।
ਪੂਰੇ ਵਿਸ਼ਵ ਵਿਚ ਇਵੇਂ ਹੀ ਹੁੰਦਾ ਹੈ ਤੇ ਇਹ ਕੋਈ ਨਵੀਂ ਗੱਲ ਨਹੀਂ ਹੈ। ਇਸੇ ਦੌਰਾਨ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੀਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਪੁਲਾੜ ਮਲਬੇ ਨਾਲ ਜੁੜੇ ‘ਜ਼ਿੰਮੇਵਾਰ ਮਿਆਰਾਂ’ ਉਤੇ ਖ਼ਰਾ ਨਹੀਂ ਉਤਰਿਆ ਹੈ। -ਪੀਟੀਆਈ