ਵਾਸ਼ਿੰਗਟਨ, 2 ਮਾਰਚ
ਯੂਕਰੇਨ ’ਤੇ ਹਮਲੇ ਦੀ ਗਾਜ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਰੂਸ ’ਤੇ ਹੀ ਨਹੀਂ ਡਿੱਗੀ ਸਗੋਂ ਇਸ ਨਾਲ ਦੁਨੀਆ ਭਰ ਦੇ ਅਰਥਚਾਰਿਆਂ ਲਈ ਵੀ ਖ਼ਤਰਾ ਖੜ੍ਹਾ ਹੋ ਗਿਆ ਹੈ। ਉਜ਼ਬੇਕ ਪਰਵਾਸੀ ਕਾਮਿਆਂ, ਯੂਰੋਪੀਅਨ ਖਪਤਕਾਰਾਂ ਅਤੇ ਯਮਨ ਦੇ ਪਰਿਵਾਰਾਂ ਸਮੇਤ ਹੋਰਾਂ ਲਈ ਜ਼ਿੰਦਗੀ ਮੁਸ਼ਕਲ ਹੋ ਗਈ ਹੈ। ਜੰਗ ਨੇ ਕਈ ਮੁਲਕਾਂ ਦੇ ਵਿੱਤੀ ਬਾਜ਼ਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਰੂਸੀ ਫ਼ੌਜ ਦੇ ਯੂਕਰੇਨ ’ਤੇ ਹਮਲੇ ਤੋਂ ਬਹੁਤ ਪਹਿਲਾਂ ਹੀ ਦੁਨੀਆ ਭਰ ਦੇ ਅਰਥਚਾਰੇ ਮਹਿੰਗਾਈ, ਸਪਲਾਈ ਚੇਨ ਅਤੇ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਦੀ ਮਾਰ ਹੇਠ ਆਏ ਹੋਏ ਸਨ। ਯੂਕਰੇਨ ਸੰਕਟ ਨੇ ਮਸਲੇ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। ਕੌਮਾਂਤਰੀ ਵਿੱਤ ਇੰਸਟੀਚਿਊਟ ਦੇ ਕਾਰਜਕਾਰੀ ਮੀਤ ਪ੍ਰਧਾਨ ਕਲੇਅ ਲੌਰੀ ਨੇ ਕਿਹਾ ਕਿ ਅਜਿਹੇ ਸਿੱਟੇ ਨਿਕਲਣ ਵਾਲੇ ਹਨ ਜਿਨ੍ਹਾਂ ਦੀ ਕੋਈ ਪੇਸ਼ੀਨਗੋਈ ਨਹੀਂ ਕੀਤੀ ਜਾ ਸਕਦੀ ਹੈ। ਅਜੇ ਦੁਨੀਆ ਦੇ ਅਰਥਚਾਰੇ ਨੂੰ ਮਾਮੂਲੀ ਨੁਕਸਾਨ ਹੋਣ ਦਾ ਹੀ ਖ਼ਦਸ਼ਾ ਹੈ ਕਿਉਂਕਿ ਰੂਸ ਅਤੇ ਯੂਕਰੇਨ ਆਰਥਿਕ ਤਾਕਤਾਂ ਨਹੀਂ ਹਨ। ਦੋਵੇਂ ਮੁਲਕ ਊਰਜਾ, ਕੀਮਤੀ ਧਾਤਾਂ, ਕਣਕ ਅਤੇ ਹੋਰ ਵਸਤਾਂ ਦੇ ਵੱਡੇ ਬਰਾਮਦਕਾਰ ਹਨ ਪਰ ਦੋਵਾਂ ਦੀ ਜੀਡੀਪੀ ਦੁਨੀਆ ਦੇ ਮੁਕਾਬਲੇ 2 ਫ਼ੀਸਦ ਤੋਂ ਵੀ ਘੱਟ ਹੈ। ਆਕਸਫੋਰਡ ਇਕਨਾਮਿਕਸ ’ਚ ਉੱਘੇ ਆਰਥਿਕ ਮਾਹਿਰ ਐਡਮ ਸਲੇਟਰ ਨੇ ਕਿਹਾ ਕਿ ਅਮਰੀਕਾ, ਚੀਨ ਅਤੇ ਹੋਰ ਉਭਰਦੇ ਮੁਲਕਾਂ ’ਤੇ ਜੰਗ ਦਾ ਅਸਰ ਸੀਮਤ ਹੀ ਹੋਵੇਗਾ। ਉਨ੍ਹਾਂ ਇਸ ਸਾਲ ਆਲਮੀ ਜੀਡੀਪੀ ’ਚ ਸਿਰਫ਼ 0.2 ਫ਼ੀਸਦ ਦੀ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਉਂਜ ਰੂਸ ਦੇ ਤੇਲ, ਕੁਦਰਤੀ ਗੈਸ ਅਤੇ ਧਾਤਾਂ ਦਾ ਅਹਿਮ ਸਪਲਾਇਰ ਹੋਣ ਕਰਕੇ ਦੁਨੀਆ ’ਚ ਆਰਥਿਕ ਪੱਧਰ ’ਤੇ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਯੂਰੋਪ 40 ਫ਼ੀਸਦੀ ਕੁਦਰਤੀ ਗੈਸ ਅਤੇ 25 ਫ਼ੀਸਦੀ ਤੇਲ ਲਈ ਰੂਸ ’ਤੇ ਨਿਰਭਰ ਹੈ। ਜੰਗ ਕਾਰਨ ਯੂਰੋਪ ’ਚ ਮਹਿੰਗਾਈ ਵਧਣ ਦੇ ਆਸਾਰ ਬਣ ਗਏ ਹਨ। -ਏਪੀ