ਵਾਸ਼ਿੰਗਟਨ, 7 ਮਾਰਚ
ਅਮਰੀਕੀ ਸੰਸਦ ਦੇ ਉਪਰਲੇ ਸਦਨ (ਸੈਨੇਟ) ਨੇ 1.9 ਖਰਬ ਡਾਲਰ ਦਾ ਕੋਵਿਡ-19 ਰਾਹਤ ਪੈਕੇਜ ਪਾਸ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸੰਸਦ ਮੈਂਬਰਾਂ ਨੇ ਵੋਟਾਂ ਦੇ ਹਲਕੇ ਫ਼ਰਕ ਨਾਲ ਰਾਹਤ ਪੈਕੇਜ ਪਾਸ ਕੀਤਾ ਹੈ। ਦੇਰ ਰਾਤ ਖ਼ਤਮ ਹੋਇਆ ਸੈਸ਼ਨ 24 ਤੋਂ ਵੱਧ ਘੰਟੇ ਚੱਲਿਆ। ਪੈਕੇਜ ਦੇ ਹੱਕ ਵਿਚ 50 ਤੇ ਵਿਰੋਧ ਵਿਚ 49 ਵੋਟਾਂ ਪਈਆਂ। ਇਸ ਤੋਂ ਪਹਿਲਾਂ ਸੈਨੇਟ ਵਿਚ ਘੱਟ ਗਿਣਤੀ ਆਗੂ ਮਿਚ ਮੈਕਕੌਨੈਲ ਨੇ ਸਦਨ ਨੂੰ ਮੁਲਤਵੀ ਕਰਨ ਦਾ ਮਤਾ ਰੱਖਿਆ ਜਿਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ।
ਇਸ ਸੋਧੇ ਗਏ ਪੈਕੇਜ ਤਹਿਤ ਸਤੰਬਰ ਮਹੀਨੇ ਤੋਂ ਲੋਕਾਂ ਨੂੰ ਪ੍ਰਤੀ ਹਫ਼ਤਾ 300 ਡਾਲਰਾਂ ਦਾ ਬੇਰੁਜ਼ਗਾਰੀ ਭੱਤਾ ਲਾਭ ਦਿੱਤਾ ਜਾਵੇਗਾ। ਕੁਝ ਵਰਗਾਂ ਨੂੰ ਟੈਕਸ ਵਿਚ ਵੀ ਰਾਹਤ ਦਿੱਤੀ ਗਈ ਹੈ। ਇਹ ਰਾਹਤ ਪੈਕੇਜ ਨਵੀਂ ਸਰਕਾਰ ਲਈ ਵੱਡੀ ਚੁਣੌਤੀ ਸੀ। ਇਸ ਤਹਿਤ ਕਰੋਨਾ ਕਾਰਨ ਪ੍ਰਭਾਵਿਤ ਛੋਟੇ ਕਾਰੋਬਾਰਾਂ ਨੂੰ ਵੀ ਮਦਦ ਦਿੱਤੀ ਜਾਵੇਗੀ। ਪੈਕੇਜ ਉਤੇ ਬਹਿਸ ਦੌਰਾਨ ਕੁਝ ਰਿਪਬਲਿਕਨਾਂ ਨੇ ਇਸ ਨੂੰ ਇਕਪਾਸੜ ਤੇ ਬੇਹੱਦ ਮਹਿੰਗਾ ਕਰਾਰ ਦਿੱਤਾ। ਉਨ੍ਹਾਂ ਬਜਟ ਘਟਾਉਣ ਦੀ ਮੰਗ ਕੀਤੀ। ਜਦਕਿ ਡੈਮੋਕਰੈਟਾਂ ਨੇ ਮਹਾਮਾਰੀ ਕਾਰਨ ਝੰਬੇ ਕਾਰੋਬਾਰਾਂ ਤੇ ਪਰਿਵਾਰਾਂ ਨੂੰ ਫੌਰੀ ਮਦਦ ਦੇਣ ਦਾ ਪੱਖ ਪੂਰਿਆ।
ਬਹਿਸ ਦੌਰਾਨ ਦੇਸ਼ ਪੱਧਰ ’ਤੇ ਘੱਟੋ-ਘੱਟ ਤਨਖਾਹ 15 ਡਾਲਰ ਪ੍ਰਤੀ ਘੰਟਾ ਕਰਨ ਦਾ ਵਿਰੋਧ ਕੀਤਾ ਗਿਆ। ਇਸ ਬਾਰੇ ਮਤਾ ਬਰਨੀ ਸੈਂਡਰਜ਼ ਨੇ ਪੇਸ਼ ਕੀਤਾ ਸੀ। ਸੰਸਦ ਮੈਂਬਰਾਂ ਨੇ ਕਿਹਾ ਕਿ ਘੱਟੋ-ਘੱਟ ਤਨਖਾਹ ਵਧਾਉਣਾ ਰਾਹਤ ਬਜਟ ਨੂੰ ਪ੍ਰਭਾਵਿਤ ਕਰੇਗਾ ਤੇ ਇਸ ਨੂੰ ਪੈਕੇਜ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ। -ਆਈਏਐਨਐੱਸ