ਵਾਸ਼ਿੰਗਟਨ, 30 ਜੂਨ
ਅਮਰੀਕੀ ਪ੍ਰਤੀਨਿਧੀ ਸਦਨ ਨੇ ਭਾਰਤ ਦੇ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਇਕ ਮਤਾ ਪਾਸ ਕਰ ਕੇ ਬਾਇਡਨ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਤੁਰੰਤ ਭਾਰਤ ਲਈ ਸਹਾਇਤਾ ਭੇਜੀ ਜਾਵੇ। ਕਾਂਗਰਸ ਮੈਂਬਰ ਬ੍ਰੈਡ ਸ਼ਰਮਨ ਤੇ ਸਟੀਵ ਚਬੋਟ ਨੇ ਜਿਹੜਾ ਮਤਾ ਪਾਸ ਕੀਤਾ ਹੈ, ਉਸ ਦੀ 41 ਜਣਿਆਂ ਨੇ ਹਮਾਇਤ ਕੀਤੀ ਹੈ। ਉਨ੍ਹਾਂ ਇਹ ਗੱਲ ਮੰਨੀ ਹੈ ਕਿ ਜਦ ਅਮਰੀਕਾ ਲਗਾਤਾਰ ਕੋਵਿਡ ਕੇਸਾਂ ਵਿਚ ਵਾਧੇ ਦਾ ਸਾਹਮਣਾ ਕਰ ਰਿਹਾ ਸੀ ਤਾਂ ਭਾਰਤ ਨੇ ਅਮਰੀਕਾ ਦੀ ਬੇਨਤੀ ਉਤੇ ਕਈ ਵਸਤਾਂ ਦੀ ਬਰਾਮਦ ਉਤੇ ਲਾਈ ਪਾਬੰਦੀ ਹਟਾ ਦਿੱਤੀ ਸੀ। ਸ਼ਰਮਨ ਤੇ ਸ਼ਬੋਟ ਸਦਨ ਦੇ ਭਾਰਤੀ ਕਾਕਸ ਨਾਲ ਜੁੜੇ ਹੋਏ ਹਨ। ਮਤੇ ਦੀ ਹਮਾਇਤ ਕਰਨ ਵਾਲੇ 41 ਜਣਿਆਂ ਵਿਚੋਂ 32 ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰ ਹਨ। ਜਦਕਿ ਨੌਂ ਜਣੇ ਰਿਪਬਲਿਕਨ ਹਨ। ਮਤੇ ਵਿਚ ਇਹ ਗੱਲ ਵੀ ਮੰਨੀ ਗਈ ਹੈ ਕਿ ਭਾਰਤ ਦਾ ਫਾਰਮਾ ਸਨਅਤ ਮਹਾਮਾਰੀ ਨਾਲ ਨਜਿੱਠਣ ਵਿਚ ਬੇਹੱਦ ਅਹਿਮ ਹੈ। ਏਸ਼ੀਆ, ਅਫ਼ਰੀਕਾ ਤੇ ਲਾਤੀਨੀ ਅਮਰੀਕੀ ਮੁਲਕਾਂ ਨੂੰ ਮਦਦ ਮੁਹੱਈਆ ਕਰਵਾਉਣ ਵਿਚ ਇਹ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦੇ ਮਾਮਲੇ ਵਿਚ ਭਾਰਤ ਵੱਡਾ ਉਤਪਾਦਕ ਹੈ। ਦੁਨੀਆ ਭਰ ਦੇ ਕਰੀਬ ਅੱਧੇ ਵੈਕਸੀਨ ਭਾਰਤ ਵਿਚ ਬਣ ਰਹੇ ਹਨ। ਕਾਂਗਰਸ ਮੈਂਬਰਾਂ ਨੇ ਇਸ ਗੱਲ ਉਤੇ ਸਹਿਮਤੀ ਪ੍ਰਗਟ ਕੀਤੀ ਕਿ ਅਮਰੀਕਾ ਨੂੰ ਆਪਣੇ ਭਾਈਵਾਲਾਂ ਨਾਲ ਮਿਲ ਕੇ ਜਿੱਥੇ ਕਿਤੇ ਵੀ ਵਾਇਰਸ ਦਾ ਅਸਰ ਹੈ, ਉਸ ਨੂੰ ਖ਼ਤਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਹਾਲ ਹੀ ਵਿਚ ਭਾਰਤ ਨੂੰ ਕਰੋੜਾਂ ਡਾਲਰਾਂ ਦੀ ਮਦਦ ਭੇਜੀ ਹੈ। -ਪੀਟੀਆਈ