ਮਾਸਕੋ, 4 ਅਕਤੂਬਰ
ਰੂਸੀ ਸੰਸਦ ਦੇ ਉੱਪਰਲੇ ਸਦਨ ਨੇ ਚਾਰ ਯੂਕਰੇਨੀ ਇਲਾਕਿਆਂ ਦੇ ਰਲੇਵੇਂ ਨਾਲ ਸਬੰਧਤ ਸੰਧੀਆਂ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ। ਉੱਪਰਲੇ ਸਦਨ ‘ਫੈਡਰੇਸ਼ਨ ਕੌਂਸਲ’ ਨੇ ਅੱਜ ਪੂਰਬੀ ਦੋਨੇਤਸਕ, ਲੁਹਾਂਸਕ, ਖੇਰਸਾਨ ਤੇ ਜ਼ਾਪੋਰਿਜ਼ੀਆ ਨੂੰ ਰੂਸ ਦਾ ਹਿੱਸਾ ਬਣਾਉਣ ਨਾਲ ਸਬੰਧਤ ਸੰਧੀਆਂ ਨੂੰ ਪ੍ਰਵਾਨਗੀ ਦੇਣ ਲਈ ਵੋਟਿੰਗ ਹੋਈ। ਹੇਠਲੇ ਸਦਨ ਨੇ ਪਿਛਲੇ ਹਫ਼ਤੇ ਕਰੈਮਲਿਨ-ਵੱਲੋਂ ਕਰਵਾਈ ਰਾਏਸ਼ਮੁਮਾਰੀ ਤੋਂ ਬਾਅਦ ਉਸ ’ਤੇ ਮੋਹਰ ਲਗਾ ਦਿੱਤੀ ਸੀ। ਇਸ ਰਾਏਸ਼ੁਮਾਰੀ ਨੂੰ ਯੂਕਰੇਨ ਤੇ ਪੱਛਮੀ ਮੁਲਕਾਂ ਨੇ ਅਵੈਧ ਦਸ ਕੇ ਖਾਰਜ ਕਰ ਦਿੱਤਾ ਸੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀ ਇਨ੍ਹਾਂ ਸੰਧੀਆਂ ਨੂੰ ਜਲਦੀ ਮਨਜ਼ੂਰੀ ਦੇ ਸਕਦੇ ਹਨ।
ਕੀਵ: ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਰੂਸ ਵੱਲੋਂ ਕੀਤੀ ਗਈ ਬੰਬਾਰੀ ’ਚ 10 ਆਮ ਲੋਕਾਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਦੀ ਮੌਤ ਉਸ ਸਮੇਂ ਹੋ ਗਈ ਜਦੋਂ ਇੱਕ ਰੂਸੀ ਮਿਜ਼ਾਈਲ ਖਾਰਕੀਵ ’ਚ ਡਿੱਗੀ। ਇੱਕ ਮਿਜ਼ਾਈਲ ਖਾਰਕੀਵ ਦੇ ਇੱਕ ਹਸਪਤਾਲ ’ਤੇ ਡਿੱਗੀ ਤੇ ਇਸ ਘਟਨਾ ’ਚ ਇੱਕ ਡਾਕਟਰ ਦੀ ਮੌਤ ਹੋ ਗਈ ਤੇ ਦੋ ਨਰਸਾਂ ਜ਼ਖ਼ਮੀ ਹੋ ਗਈਆਂ। ਰੂਸ ਦੇ ਕਬਜ਼ੇ ਹੇਠਲੇ ਜ਼ਾਪੋਰਿਜ਼ੀਆ ਪ੍ਰਮਾਣੂ ਪਲਾਂਟ ਵਾਲੇ ਇਲਾਕੇ ’ਚ 30 ਤੱਕ ਵੱਧ ਮਕਾਨ, ਇੱਕ ਸਕੂਲ ਤੇ ਕਈ ਦੁਕਾਨਾਂ ਰੂਸ ਵੱਲੋਂ ਕੀਤੀ ਗਈ ਬੰਬਾਰੀ ’ਚ ਨੁਕਸਾਨੀਆਂ ਗਈਆਂ ਹਨ। -ਏਪੀ
ਮੋਦੀ ਵੱਲੋਂ ਜ਼ੇਲੈਂਸਕੀ ਨਾਲ ਗੱਲਬਾਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੰਗ ਯੂਕਰੇਨ ਵਿਵਾਦ ਮਸਲੇ ਦਾ ਹੱਲ ਨਹੀਂ ਹੋ ਸਕਦੀ। ਮੋਦੀ ਨੇ ਉਨ੍ਹਾਂ ਨੂੰ ਕਿਹਾ ਕਿ ਭਾਰਤ ਸ਼ਾਂਤੀ ਯਤਨਾਂ ਵਿੱਚ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਲਈ ਤਿਆਰ ਹੈ। ਉਨ੍ਹਾਂ ਇਸ ਮੁੱਦੇ ਨੂੰ ਵੀ ਉਭਾਰਿਆ ਕਿ ਪ੍ਰਮਾਣੂ ਪਲਾਂਟਾਂ ਨੂੰ ਖ਼ਤਰੇ ਵਿੱਚ ਪਾਉਣ ਦੇ ਨਤੀਜੇ ਤਬਾਹਕੁਨ ਹੋ ਸਕਦੇ ਹਨ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, ਪ੍ਰਧਾਨ ਮੰਤਰੀ ਨੇ ਰੂਸ ਤੇ ਯੂਕਰੇਨ ਨੂੰ ਆਪਸੀ ਦੁਸ਼ਮਣੀ ਖ਼ਤਮ ਕਰਨ ਅਤੇ ਗੱਲਬਾਤ ਤੇ ਕੂਟਨੀਤਕ ਰਾਹ ਅਪਣਾਉਣ ਦੇ ਆਪਣੇ ਸੱਦੇ ਨੂੰ ਮੁੜ ਦੁਹਰਾਇਆ। -ਪੀਟੀਆਈ
ਯੂਕਰੇਨ ਨੂੰ ਚਾਰ ਹੋਰ ਆਧੁਨਿਕ ਰੌਕੇਟ ਸਿਸਟਮ ਦੇਵੇਗਾ ਅਮਰੀਕਾ
ਵਾਸ਼ਿੰਗਟਨ: ਅਮਰੀਕਾ ਜਲਦੀ ਹੀ ਯੂਕਰੇਨ ਨੂੰ ਚਾਰ ਹੋਰ ਆਧੁਨਿਕ ਰੌਕੇਟ ਸਿਸਟਮ ਮੁਹੱਈਆ ਕਰਾਏਗਾ ਤਾਂ ਜੋ ਰੂਸ ਨਾਲ ਜੰਗ ’ਚ ਉਹ ਮਜ਼ਬੂਤ ਹੋ ਸਕੇ। ਇਹ ਉੱਚ ਪੱਧਰੀ ਤਕਨੀਕ (ਹਿਮਾਰਸ) 6.24 ਕਰੋੜ ਡਾਲਰ ਦੇ ਨਵੇਂ ਸਹਾਇਤਾ ਪੈਕੇਜ ਦਾ ਹਿੱਸਾ ਹੈ। ਇਹ ਰੌਕੇਟ ਪ੍ਰਣਾਲੀ ਯੂਕਰੇਨ ਨੂੰ ਪਹਿਲੀ ਵਾਰ ਜੁਲਾਈ ਵਿੱਚ ਦਿੱਤੀ ਗਈ ਸੀ ਤੇ ਹੁਣ ਤੱਕ ਯੂਕਰੇਨ ਨੂੰ 20 ਰੌਕੇਟ ਸਿਸਟਮ ਮੁਹੱਈਆ ਕੀਤੇ ਜਾ ਚੁੱਕੇ ਹਨ। ਰੂਸੀ ਹਮਲੇ ਨੂੰ ਰੋਕਣ ’ਚ ਇਹ ਸਿਸਟਮ ਯੂਕਰੇਨ ਲਈ ਕਾਫੀ ਮਦਦਗਾਰ ਸਾਬਤ ਹੋਇਆ ਹੈ। -ਏਪੀ