ਵਾਸ਼ਿੰਗਟਨ, 26 ਅਪਰੈਲ
ਅਮਰੀਕਾ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਹ ਭਾਰਤ ’ਚ ਕੋਵੀਸ਼ੀਲਡ ਦੇ ਉਤਪਾਦਨ ਲਈ ਤੁਰੰਤ ਕੱਚਾ ਮਾਲ ਮੁਹੱਈਆ ਕਰੇਗਾ। ਵ੍ਹਾਈਟ ਹਾਊਸ ਦੇ ਇੱਕ ਸਿਖਰਲੇ ਅਧਿਕਾਰੀ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਭਾਰਤ ਦੀ ਜੰਗ ਨੂੰ ਮਜ਼ਬੂਤੀ ਦੇਣ ਲਈ ਸਾਰੇ ਸੋਮੇ ਤੇ ਸਪਲਾਈ ਭੇਜਣ ਲਈ ਹਰ ਸਮੇਂ ਕੰਮ ਕਰ ਰਿਹਾ ਹੈ। ਭਾਰਤ ਜਦੋਂ ਸਭ ਤੋਂ ਬੁਰਾ ਸਿਹਤ ਸੰਕਟ ਝੱਲ ਰਿਹਾ ਹੈ ਤਾਂ ਅਜਿਹੇ ਸਮੇਂ ਉਸ ਨੂੰ ਕੋਵਿਡ-19 ਦੇ ਟੀਕੇ ਨਾ ਭੇਜਣ ਲਈ ਬਾਇਡਨ ਪ੍ਰਸ਼ਾਸਨ ਨੂੰ ਕਈ ਵਰਗਾਂ ਦੀਆਂ ਆਲੋਚਨਾਵਾਂ ਝੱਲਣੀਆਂ ਪੈ ਰਹੀਆਂ ਹਨ। ਆਲੋਚਨਾ ਕਰਨ ਵਾਲਿਆਂ ’ਚ ਡੈਮੋਕਰੈਟਿਕ ਪਾਰਟੀ ਦੇ ਮੈਂਬਰ ਤੇ ਹਮਾਇਤੀ ਵੀ ਸ਼ਾਮਲ ਹਨ। ਭਾਰਤ ਨੇ ਅਕਰੀਕਾ ਨੂੰ ਕੋਵੀਸ਼ੀਲਡ ਟੀਕੇ ਦੇ ਉਤਪਾਦਨ ਲਈ ਕੱਚਾ ਮਾਲ ਭੇਜਣ ਦੀ ਅਪੀਲ ਕੀਤੀ ਹੈ। ਕੋਵਿਡ-19 ਦੇ ਕੇਸ ਹਾਲ ਹੀ ’ਚ ਵੱਧ ਜਾਣ ਬਾਅਦ ਭਾਰਤ ਦੇ ਲੋਕਾਂ ਪ੍ਰਤੀ ਸੰਵੇਦਨਾ ਜ਼ਾਹਿਰ ਕਰਦਿਆਂ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਜੈਕ ਸੁਲੀਵਨ ਨੇ ਆਪਣੇ ਹਮਰੁਤਬਾ ਅਜੀਤ ਡੋਵਾਲ ਨੂੰ ਫੋਨ ਕਰਕੇ ਭਾਰਤ ਨਾਲ ਅਮਰੀਕਾ ਦੀ ਇਕਜੁੱਟਤਾ ਦੀ ਮੁੜ ਪੁਸ਼ਟੀ ਕੀਤੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਟਵੀਟ ਕੀਤਾ, ‘ਜਿਵੇਂ ਭਾਰਤ ਨੇ ਆਲਮੀ ਮਹਾਮਾਰੀ ਦੀ ਸ਼ੁਰੂਆਤ ਸਮੇਂ ਅਮਰੀਕਾ ਨੂੰ ਮਦਦ ਭੇਜੀ ਸੀ ਉਸੇ ਤਰ੍ਹਾਂ ਹੀ ਅਸੀਂ ਲੋੜ ਪੈਣ ’ਤੇ ਇਸ ਸਮੇਂ ਭਾਰਤ ਦੀ ਮਦਦ ਲਈ ਦ੍ਰਿੜ੍ਹ ਹਾਂ।’ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਵੀਟ ਕੀਤਾ, ‘ਅਮਰੀਕਾ ਕੋਵਿਡ-19 ਦੇ ਕਹਿਰ ਦੌਰਾਨ ਵਧੇਰੇ ਸਹਿਯੋਗ ਤੇ ਸਪਲਾਈ ਭੇਜਣ ਲਈ ਭਾਰਤ ਸਰਕਾਰ ਨੇ ਨੇੜਿਓਂ ਮਿਲ ਕੇ ਕੰਮ ਕਰ ਰਿਹਾ ਹੈ। ਸਹਾਇਤਾ ਦੇਣ ਦੇ ਨਾਲ ਨਾਲ ਹੀ ਅਸੀਂ ਭਾਰਤ ਦੇ ਸਿਹਤ ਕਰਮੀਆਂ ਸਮੇਂ ਉਨ੍ਹਾਂ ਦੇ ਨਾਗਰਿਕਾਂ ਲਈ ਵੀ ਪ੍ਰਾਰਥਨਾ ਕਰ ਰਹੇ ਹਾਂ।’ ਇਸੇ ਦੌਰਾਨ ਅਮਰੀਕੀ ਰੱਖਿਆ ਮੰਤਰੀ ਆਸਟਿਨ ਲੌਇਡ ਨੇ ਰੱਖਿਆ ਦੇ ਹੈਡਆਫਿਸ ਪੈਂਟਾਗਨ ਨੂੰ ਭਾਰਤ ’ਚ ਕਰੋਨਵਾਇਰਸ ਖ਼ਿਲਾਫ਼ ਜੰਗ ਲੜ ਰਹੇ ਸਿਹਤ ਕਰਮੀਆਂ ਨੂੰ ਹਰ ਸੰਭਵ ਜ਼ਰੂਰੀ ਮਦਦ ਮੁਹੱਈਆ ਕਰਨ ਦੇ ਨਿਰਦੇਸ਼ ਦਿੱਤੇ ਹਨ।-ਪੀਟੀਆਈ
ਤਿਰੰਗੇ ਦੇ ਰੰਗਾਂ ਨਾਲ ਰੋਸ਼ਨ ਹੋਇਆ ਬੁਰਜ ਖਲੀਫ਼ਾ
ਦੁਬਈ: ਸੰਯੁਕਤ ਅਰਬ ਅਮੀਰਾਤ(ਯੂਏਈ) ਵਿੱਚ ਬੁਰਜ ਖਲੀਫ਼ਾ ਸਮੇਤ ਪ੍ਰਸਿੱਧ ਇਤਿਹਾਸਕ ਥਾਵਾਂ ਨੂੰ ਕੋਵਿਡ-19 ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਮੁਲਕ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਤਿਰੰਗੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ। ਦੁਬਈ ਵਿੱਚ ਆਬੂ ਧਾਬੀ ਨੈਸ਼ਨਲ ਆਇਲ ਕਪਨੀ ਦਾ ਮੁੱਖ ਦਫ਼ਤਰ ਅਤੇ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਨੂੰ ਕੋਵਿਡ-19 ਦੀ ਦੂਜੀ ਲਹਿਰ ਖ਼ਿਲਾਫ਼ ਭਾਰਤ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਭਾਰਤੀ ਝੰਡੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ। ਯੂਏਈ ਵਿਚਲੇ ਭਾਰਤੀ ਸਫਾਰਤਖਾਨੇ ਨੇ ਟਵੀਟ ਕੀਤਾ, ‘‘ ਕੋਵਿਡ-19 ਖਿਲਾਫ਼ ਜੰਗ ਲੜ ਰਹੇ ਭਾਰਤ, ਨੂੰ ਉਸ ਦਾ ਦੋਸਤ ਯੂਏਈ ਸ਼ੁਭਕਾਮਨਾਵਾਂ ਭੇਜਦਾ ਹੈ। ਆਪਣਾ ਸਮਰਥਨ ਜ਼ਾਹਿਰ ਕਰਨ ਲਈ ਦੁਬਈ ਵਿੱਚ ਚਮਕਦੇ ਬੁਰਜ ਖਲੀਫ਼ਾ ਨੂੰ ਭਾਰਤ ਦੇ ਝੰਡੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ ਹੈ। ’’ ਸਫਾਰਤਖ਼ਾਨੇ ਨੇ ਬੁਰਜ ਖਲੀਫ਼ਾ ਦਾ ਇਕ ਵੀਡੀਓ ਵੀ ਟਵੀਟ ਕੀਤਾ ਹੈ। -ਪੀਟੀਆਈ
ਭਾਰਤ ਨੂੰ ਆਕਸੀਜਨ, ਵੈਂਟੀਲੇਟਰ ਤੇ ਪੀਪੀਈ ਭੇਜੇਗਾ ਆਸਟਰੇਲੀਆ
ਮੈਲਬਰਨ: ਕਰੋਨਾ ਖ਼ਿਲਾਫ਼ ਜੰਗ ’ਚ ਮਦਦ ਵਜੋਂ ਆਸਟਰੇਲੀਆ ਭਾਰਤ ਨੂੰ ਆਕਸੀਜਨ, ਵੈਂਟੀਲੇਟਰ ਤੇ ਪੀਪੀਈ ਕਿੱਟਾਂ ਭੇਜੇਗਾ। ਸਿਹਤ ਮੰਤਰੀ ਗ੍ਰੈਗ ਹੰਟ ਨੇ ਅੱਜ ਇਹ ਜਾਣਕਾਰੀ ਦਿੱਤੀ। ਹੰਟ ਨੇ ਕਿਹਾ, ‘ਭਾਰਤ ਅਸਲ ’ਚ ਆਕਸੀਜਨ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਅਸੀਂ ਕੌਮੀ ਚਿਕਿਤਸਾ ਭੰਡਾਰ ਰਾਹੀਂ ਮਦਦ ਕਰ ਸਕਦੇ ਹਾਂ ਪਰ ਉਹ ਮੁੱਖ ਤੌਰ ’ਤੇ ਆਕਸੀਜਨ ਸਪਲਾਈ ਦੇ ਸਬੰਧ ’ਚ ਸਹਾਇਤਾ ਮੰਗ ਰਹੇ ਹਨ। ਅਸੀਂ ਇਸ ਮਾਮਲੇ ’ਚ ਵਿਸ਼ੇਸ਼ ਤੌਰ ’ਤੇ ਸੂਬਿਆਂ ਨਲ ਗੱਲ ਕਰ ਰਹੇ ਹਾਂ।’ ਖ਼ਬਰ ਅਨੁਸਾਰ ਸੰਘੀ ਸਰਕਾਰ ਨੇ ਤਤਕਾਲ ਪੈਕੇਜ ਤਹਿਤ ਭਾਰਤ ਨੂੰ ਆਕਸੀਜਨ, ਵੈਂਟੀਲੇਟਰ ਤੇ ਪੀਪੀਈ ਕਿੱਟਾਂ ਭੇਜਣ ਦੀ ਪੁਸ਼ਟੀ ਵੀ ਕੀਤੀ ਹੈ। ਹਾਲਾਂਕਿ ਆਸਟਰੇਲੀਆ ਟੀਕੇ ਨਹੀਂ ਭੇਜੇਗਾ। -ਪੀਟੀਆਈ
ਸੁੰਦਰ ਪਿਚਾਈ ਤੇ ਸੱਤਿਆ ਨਡੇਲਾ ਵੱਲੋਂ ਭਾਰਤ ਨੂੰ ਮਦਦ ਦਾ ਭਰੋਸਾ
ਹਿਊਸਟਨ: ਗੂਗਲ ਦੇ ਸੀਈਓ ਸੁੰਦਰ ਪਿਚਾਈ ਤੇ ਮਾਈਕਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਨੇ ਕਰੋਨਾਵਾਇਰਸ ਦੇ ਵਧਦੇ ਸੰਕਟ ਦਾ ਸਾਹਮਣਾ ਕਰ ਰਹੇ ਭਾਰਤ ਦੀ ਮਦਦ ਦਾ ਭਰੋਸਾ ਦਿੱਤਾ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਟਵੀਟ ਕੀਤਾ, ‘ਭਾਰਤ ’ਚ ਵਧਦੇ ਜਾ ਰਹੇ ਕਰੋਨਾ ਸੰਕਟ ਨੂੰ ਦੇਖ ਕੇ ਦੁਖੀ ਹਾਂ। ਮੈਡੀਕਲ ਉਪਕਰਨਾਂ ਦੀ ਸਪਲਾਈ, ਉੱਚ ਜੋਖਮ ਵਾਲੇ ਵਰਗਾਂ ਦੀ ਮਦਦ ਕਰ ਰਹੀਆਂ ਜਥੇਬੰਦੀਆਂ ਦੀ ਮਦਦ ਅਤੇ ਮਹੱਤਵਪੂਰਨ ਸੂਚਨਾ ਦੇ ਪ੍ਰਸਾਰ ’ਚ ਮਦਦ ਲਈ ਗੂਗਲ ਗਿਵ ਇੰਡੀਆ ਤੇ ਯੂਨੀਸੈੱਫ ਨੂੰ 135 ਕਰੋੜ ਰੁਪਏ ਦੀ ਮਦਦ ਕਰ ਰਹੀ ਹੈ।’ ਉੱਧਰ ਮਾਈਕਰੋਸਾਫਟ ਦੇ ਭਾਰਤੀ ਮੂਲ ਦੇ ਸੀਈਓ ਨਡੇਲਾ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਰਾਹਤ ਕਾਰਜਾਂ ਤੇ ਆਕਸੀਜਨ ਉਪਕਰਨਾਂ ਦੀ ਖਰੀਦ ’ਚ ਸਹਿਯੋਗ ਲਈ ਆਪਣੇ ਸੋਮਿਆਂ ਤੇ ਤਕਨੀਕ ਦੀ ਵਰਤੋਂ ਕਰਦੀ ਰਹੇਗੀ। -ਪੀਟੀਆਈ