ਵਿਏਨਾ, 7 ਮਈ
ਵਿਸ਼ਵ ਸ਼ਕਤੀਆਂ ਨੇ ਅਮਰੀਕਾ ਨੂੰ ਇਰਾਨ ਨਾਲ ਪ੍ਰਮਾਣੂ ਸਮਝੌਤੇ ਬਾਰੇ ਮੁੜ ਤੋਂ ਰਾਜ਼ੀ ਕਰਨ ਲਈ ਸ਼ੁੱਕਰਵਾਰ ਨੂੰ ਆਸਟਰੀਆ ਵਿੱਚ ਉੱਚ ਪੱਧਰੀ ਚੌਥੇ ਗੇੜ ਦੀ ਗੱਲਬਾਤ ਕੀਤੀ। ਦੋਵਾਂ ਧਿਰਾਂ ਨੇ ਵੱਡੀਆਂ ਰੁਕਾਵਟਾਂ ਮਗਰੋਂ ਮਿਲ ਕੇ ਕੰਮ ਕਰਨ ਦੀਆਂ ਇੱਛਾਵਾਂ ਦਾ ਸੰਕੇਤ ਦਿੱਤਾ ਹੈ। ਗੱਲਬਾਤ ਅਪਰੈਲ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਈ ਸੀ। ਇਸ ਸਿਲਸਿਲੇ ਸਬੰਧੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਰੂਸੀ ਪ੍ਰਤੀਨਿਧੀ ਮਿਖ਼ਾਇਲ ਯੂਲੀਨੋਵ ਨੇ ਟਵੀਟ ਕੀਤਾ, “ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਨੇ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ ਹੈ। ਜਦੋਂ ਤੱਕ ਇਹ ਮਾਮਲਾ ਸਿਰੇ ਨਹੀਂ ਲੱਗ ਜਾਂਦਾ ਪ੍ਰਤੀਨਿਧੀ ਮੰਡਲ ਵਿਏਨਾ ਵਿੱਚ ਰਹਿਣ ਲਈ ਤਿਆਰ ਹੈ।” ਤਤਕਾਲੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਸੰਧੀ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਬਾਰੇ ਦਿੱਤੇ ਬਿਆਨ ਮਗਰੋਂ ਅਮਰੀਕਾ ਨੇ ਸਾਲ 2018 ਵਿੱਚ 2015 ਦਾ ਸਮਝੌਤਾ ਰੱਦ ਕਰ ਦਿੱਤਾ ਸੀ। -ਪੀਟੀਆਈ