ਵਾਸ਼ਿਗਟਨ, 28 ਫਰਵਰੀ
ਅਮਰੀਕਾ ਦੇ ਵਿੱਤ ਵਿਭਾਗ ਨੇ ਸੋਮਵਾਰ ਨੂੰ ਰੂਸ ਦੇ ਕੇਂਦਰੀ ਬੈਂਕ ਅਤੇ ਸਰਕਾਰੀ ਨਿਵੇਸ਼ ਫੰਡ ’ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ। ਯੂਕਰੇਨ ’ਤੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜਰਮਨੀ, ਫਰਾਂਸ, ਬਿ੍ਟੇਨ, ਇਟਲੀ, ਜਾਪਾਨ, ਯੂਰੋਪੀਅਨ ਯੂਨੀਅਨ ਅਤੇ ਹੋਰ ਮੁਲਕ ਅਮਰੀਕਾ ਨਾਲ ਮਿਲ ਕੇ ਪਾਬਦੀਆਂ ਰਾਹੀਂ ਰੂਸ ਦੇ ਕੇਂਦਰੀ ਬੈਂਕ ਨੂੰ ਨਿਸ਼ਾਨਾ ਬਣਾ ਰਹੇ ਹਨ। ਉਧਰ,ਅਮਰੀਕੀ ਸੂਬਿਆਂ ਦੇ ਗਵਰਨਰਾਂ ਨੇ ਵੀ ਯੂਕਰੇਨ ’ਤੇ ਰੂਸੀ ਹਮਲੇ ਦੇ ਜਵਾਬ ਵਿੱਚ ਮਾਸਕੋ ਖਿਲਾਫ਼ ਆਰਥਿਕ ਪਾਬੰਦੀਆਂ ਲਗਾਉਣ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਉੱਧਰ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ “ਝੂਠ ਦਾ ਸਾਮਰਾਜ” ਕਰਾਰ ਦਿੱਤਾ ਹੈ।
ਬ੍ਰਿਟੇਨ ਨੇ ਵੀ ਰੂਸ ’ਤੇ ਬੈਂਕਿੰਗ ਪਾਬੰਦੀ ਲਗਾਈ
ਲੰਡਨ: ਬੈਂਕ ਆਫ ਇੰਗਲੈਂਡ ਦੇ ਨਾਲ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਯੂਕਰੇਨ ’ਤੇ ਰੁਸੀ ਹਮਲੇ ਦੇ ਜਵਾਬ ਵਿੱਚ ਸੈਂਟਰਲ ਬੈਂਕ ਆਫ ਰਸ਼ੀਅਨ ਫੈਡਰੇਨ(ਸੀਬੀਆਰ) ’ਤੇ ਸੋਮਵਾਰ ਨੂੰ ਆਰਥਿਕ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਵਿੱਤ ਵਿਭਾਗ ਦਾ ਕਹਿਣਾ ਹੈ ਕਿ ਇਹ ਕਦਮ ਸੀਬੀਆਰ ਨੂੰ ਆਪਣਾ ਵਿਦੇਸ਼ੀ ਭੰਡਾਰ ਵਧਾਉਣ ਤੋਂ ਰੋਕਣ ਅਤੇ ਰੂਸੀ ਮੁਦਰਾ ਨੂੰ ਕਮਜ਼ੋਰ ਕਰਨ ਲਈ ਹੈ।
ਸਵਿਟਜ਼ਰਲੈਂਡ ਨੇ ਰੂਸ ਵਿਰੁਧ ਯੂਰੋਪੀਅਨ ਯੂਨੀਅਨ ਦੀਆਂ ਪਾਬੰਦੀਆਂ ਨੂੰ ਮੰਨਿਆ
ਜੈਨੇਵਾ: ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਯੂਕਰੇਨ ’ਤੇ ਰੂਸ ਦਾ ਹਮਲਾ ਸਵੀਕਾਰਨਯੋਗ ਨਹੀਂ ਹੈ ਅਤੇ ਉਹ ਜਾਇਦਾਦਾਂ ਜ਼ਬਤ ਕਰਨ ਸਮੇਤ, ਯੂਰੋਪੀਨ ਯੂਨੀਅਨ ਵਲੋਂ ਰੂਸ ’ਤੇ ਲਗਾਈਆਂ ਪਾਬੰਦੀਆਂ ਨੂੰ ਮੰਨੇਗਾ। -ਏਜੰਸੀ