ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ (ਖੱਬੇ) ਅਤੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਚੁੰਗ ਇਯੂਈ- ਯੋਂਗ ਹਾਂਗਕਾਂਗ, 17 ਮਾਰਚ
ਅਮਰੀਕਾ ਨੇ ਚੀਨ ਵੱਲੋਂ ਇਸ ਅਰਧ-ਮੁਖਤਿਆਰ ਸ਼ਹਿਰ ਹਾਂਗਕਾਂਗ ਵਿੱਚ ਸਿਆਸੀ ਆਜ਼ਾਦੀ ’ਤੇ ਕੀਤੀ ਸਖ਼ਤੀ ਦੇ ਮੱਦੇਨਜ਼ਰ 24 ਹੋਰ ਚੀਨੀ ਅਤੇ ਹਾਂਗਕਾਂਗ ਦੇ ਅਧਿਕਾਰੀਆਂ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀਆਂ ਅਜਿਹੇ ਸਮੇਂ ਲਾਈਆਂ ਜਾ ਰਹੀਆਂ ਹਨ, ਜਦੋਂ ਅਮਰੀਕਾ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਤਾ ਸੰਭਾਲਣ ਮਗਰੋਂ ਅਗਲੇ ਦਿਨ ਚੀਨ ਨਾਲ ਪਹਿਲੀ ਵਾਰ ਆਹਮੋ-ਸਾਹਮਣੇ ਗੱਲਬਾਤ ਕਰਨੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲੌਇਡ ਆਸਟਿਨ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ’ਤੇ ਹਨ। ਇਹ ਦੋਵੇਂ ਦੇਸ਼ ਚੀਨ ਦੀਆਂ ਏਸ਼ੀਆ ਖੇਤਰ ਵਿੱਚ ਵਧ ਰਹੀਆਂ ਪਸਾਰਵਾਦੀ ਨੀਤੀਆਂ ਤੋਂ ਫ਼ਿਕਰਮੰਦ ਹਨ।
ਅਮਰੀਕਾ ਦੇ ਦੋਵਾਂ ਸੀਨੀਅਰ ਮੰਤਰੀਆਂ ਨੇ ਜਾਪਾਨ ਦੇ ਮੰਤਰੀਆਂ ਨਾਲ ਮੰਗਲਵਾਰ ਨੂੰ ਇਸ ਸਬੰਧੀ ਸਾਂਝਾ ਬਿਆਨ ਵੀ ਜਾਰੀ ਕੀਤਾ ਸੀ, ਜਿਸ ਵਿੱਚ ਚੀਨ ਦੀ ਏਸ਼ੀਆ ਖੇਤਰ ਵਿੱਚ ਵਧ ਰਹੀ ਧੌਂਸਬਾਜ਼ੀ ਅਤੇ ਹਮਲਾਵਰ ਰੁਖ਼ ’ਤੇ ਚਿੰਤਾ ਪ੍ਰਗਟ ਕੀਤੀ ਗਈ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਬਲਿੰਕਨ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਵੀਰਵਾਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਵਿਦੇਸ਼ੀ ਮਾਮਲਿਆਂ ਦੇ ਮੁਖੀ ਯਾਂਗ ਜੇ ਅਤੇ ਵਿਦੇਸ਼ ਮੰਤਰੀ ਯਾਂਗ ਲੀ ਨਾਲ ਅਲਾਸਕਾ ਵਿੱਚ ਮੁਲਾਕਾਤ ਕਰਨੀ ਹੈ।
-ਏਪੀ