ਸਿਓਲ, 7 ਜੂਨ
ਉੱਤਰੀ ਕੋਰੀਆ ਨਾਲ ਬਣੇ ਤਣਾਅ ਦੇ ਮੱਦੇਨਜ਼ਰ ਅੱਜ ਅਮਰੀਕਾ ਤੇ ਦੱਖਣੀ ਕੋਰੀਆ ਦੇ ਲੜਾਕੂ ਜਹਾਜ਼ਾਂ ਨੇ ਸਾਂਝੇ ਤੌਰ ’ਤੇ ਉਡਾਣ ਭਰੀ। ਇਨ੍ਹਾਂ ਜਹਾਜ਼ਾਂ ਨੇ ਦੱਖਣੀ ਕੋਰੀਆ ਦੇ ਪੱਛਮੀ ਤੱਟ ’ਤੇ ਉਡਾਣ ਭਰੀ ਤੇ ਉੱਤਰੀ ਕੋਰੀਆ ਖ਼ਿਲਾਫ਼ ਸਾਂਝੀ ਤਾਕਤ ਦਾ ਮੁਜ਼ਾਹਰਾ ਕੀਤਾ। ਦੱਸਣਯੋਗ ਹੈ ਕਿ ਅਮਰੀਕਾ ਦੇ ਇਕ ਅਧਿਕਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉੱਤਰੀ ਕੋਰੀਆ ਨੇ ਪਰਮਾਣੂ ਹਥਿਆਰਾਂ ਦੀ ਪਰਖ਼ ਕੀਤੀ ਤਾਂ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ। ਦੱਖਣੀ ਕੋਰੀਆ ਦੀਆਂ ਸੈਨਾਵਾਂ ਮੁਤਾਬਕ ਉਨ੍ਹਾਂ ਦੇ 16 ਤੇ ਅਮਰੀਕਾ ਦੇ ਚਾਰ ਜਹਾਜ਼ਾਂ ਨੇ ਉਡਾਣ ਭਰੀ ਹੈ। ਇਨ੍ਹਾਂ ਵਿਚ ਐਫ-35ਏ ਤੇ ਐਫ-16 ਜਹਾਜ਼ ਸ਼ਾਮਲ ਸਨ। ਜਾਣਕਾਰੀ ਮੁਤਾਬਕ ਸੋਮਵਾਰ ਦੱਖਣੀ ਕੋਰੀਆ ਤੇ ਅਮਰੀਕਾ ਨੇ ਮੁਲਕ ਦੇ ਸਮੁੰਦਰੀ ਖੇਤਰ ਵਿਚ ਅੱਠ ਮਿਜ਼ਾਈਲਾਂ ਵੀ ਦਾਗੀਆਂ ਸਨ। -ਏਪੀ