ਦੁਬਈ, 21 ਜੂਨ
ਅਮਰੀਕਾ ਤੇ ਇਰਾਨ ਵਿਚਾਲੇ ਸਮੁੰਦਰੀ ਖੇਤਰ ’ਚ ਟਕਰਾਅ ਦੀ ਘਟਨਾ ਸਾਹਮਣੇ ਆਈ ਹੈ। ਵੇਰਵਿਆਂ ਮੁਤਾਬਕ ਰਣਨੀਤਕ ‘ਸਟ੍ਰੇਟ ਆਫ ਹੋਰਮੁਜ਼’ (ਤੰਗ ਸਮੁੰਦਰੀ ਰਾਸਤਾ) ਵਿਚ ਅਮਰੀਕੀ ਜਲ ਸੈਨਾ ਨੂੰ ਇਰਾਨੀ ਰੈਵੋਲਿਊਸ਼ਨਰੀ ਗਾਰਡ ਦੀ ਇਕ ਸਪੀਡਬੋਟ ਨੂੰ ਭਜਾਉਣ ਲਈ ਚਿਤਾਵਨੀ ਦੇ ਲਹਿਜ਼ੇ ਵਿਚ ‘ਫਲੇਅਰ’ (ਚਮਕਦੀ-ਬਲਦੀ ਲਾਟ) ਛੱਡਣੀ ਪਈ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਇਰਾਨ ਦਰਮਿਆਨ ਪਰਮਾਣੂ ਸੰਧੀ ’ਤੇ ਗੱਲਬਾਤ ਕਾਫ਼ੀ ਦੇਰ ਤੋਂ ਰੁਕੀ ਹੋਈ ਹੈ ਤੇ ਤਣਾਅ ਪਹਿਲਾਂ ਹੀ ਸਿਖ਼ਰਾਂ ਉਤੇ ਹੈ। ਤਹਿਰਾਨ ਯੂਰੇਨੀਅਮ ਨੂੰ ਮਾਰੂ ਪੱਧਰ ਉਤੇ ਸੋਧ ਰਿਹਾ ਹੈ ਜਿਸ ਨੂੰ ਹਥਿਆਰਾਂ ਵਿਚ ਵਰਤਿਆ ਜਾ ਸਕਦਾ ਹੈ। ਇਸੇ ਦੌਰਾਨ ਸੰਯੁਕਤ ਰਾਸ਼ਟਰ ਦੀ ਪਰਮਾਣੂ ਹਥਿਆਰਾਂ ਉਤੇ ਨਿਗਰਾਨੀ ਰੱਖਣ ਵਾਲੀ ਇਕਾਈ ਨੇ ਕਿਹਾ ਹੈ ਕਿ ਇਰਾਨ ਹੁਣ ਯੂਰੇਨੀਅਮ ਸੋਧਣ ਲਈ ਅਤਿ-ਆਧੁਨਿਕ ‘ਸੈਂਟਰੀਫਿਊਜ਼’ ਦੇ ਦੂਜੇ ਸੈੱਟ ਦੀ ਵਰਤੋਂ ਕਰ ਰਿਹਾ ਹੈ। ਦੱਸਣਯੋਗ ਹੈ ਕਿ ਇਰਾਨ ਜ਼ਮੀਨਦੋਜ਼ ਫੋਰਦੋ ਕੇਂਦਰ ਉਤੇ ਯੂਰੇਨੀਅਮ ਸੋਧ ਰਿਹਾ ਹੈ। ਅਮਰੀਕਾ ਦੀ ਜਲ ਸੈਨਾ ਮੁਤਾਬਕ ਦੋਵੇਂ ਧਿਰਾਂ ਵਿਚਾਲੇ ਟਕਰਾਅ ‘ਸਟ੍ਰੇਟ ਆਫ਼ ਹੋਰਮੁਜ਼’ ਵਿਚ ਹੋਇਆ। ਇਰਾਨੀ ਕਿਸ਼ਤੀਆਂ ਹੋਰਮੁਜ਼ ਤੋਂ ਫਾਰਸ ਦੀ ਖਾੜੀ ਵਿਚ ਦਾਖਲ ਹੋ ਰਹੀਆਂ ਸਨ ਜਿੱਥੇ ਉਨ੍ਹਾਂ ਦਾ ਸਾਹਮਣਾ ਅਮਰੀਕੀ ਪੈਟਰੋਲ ਜਹਾਜ਼ ‘ਯੂਐੱਸਐੱਸ ਸਿਰੋਕੋ’ ਨਾਲ ਹੋਇਆ। ਇਰਾਨ ਨੇ ਹਾਲੇ ਤੱਕ ਇਸ ਘਟਨਾ ਉਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। -ਏਪੀ