ਸੰਯੁਕਤ ਰਾਸ਼ਟਰ: ਭਾਰਤ ਵਿਚ ਕੰਮ ਕਰ ਰਹੀ ਸੰਯੁਕਤ ਰਾਸ਼ਟਰ ਦੀ ਟੀਮ ਵੱਲੋਂ ਲੋੜੀਂਦੀਆਂ ਵਸਤਾਂ ਮੁਹੱਈਆ ਕਰ ਕੇ ਕਰੋਨਾਵਾਇਰਸ ਮਹਾਮਾਰੀ ਦੇ ਟਾਕਰੇ ਲਈ ਸਥਾਨਕ ਅਧਿਕਾਰੀਆਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਇਸ ਦੀਆਂ ਏਜੰਸੀਆਂ ਵੱਲੋਂ ਹਜ਼ਾਰਾਂ ਆਕਸੀਜਨ ਕੰਸਨਟਰੇਟਰ, ਆਕਸੀਜਨ ਉਤਪਾਦਨ ਪਲਾਂਟ ਤੇ ਹੋਰ ਲੋੜੀਂਦੇ ਉਪਕਰਨ ਖਰੀਦਣ ਤੋਂ ਇਲਾਵਾ ਮੋਬਾਈਲ ਹਸਪਤਾਲ ਇਕਾਈਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਅੱਜ ਸੰਯੁਕਤ ਰਾਸ਼ਟਰ ਦੇ ਮੁਖੀ ਦੇ ਇਕ ਬੁਲਾਰੇ ਨੇ ਦਿੱਤੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਉਪ ਤਰਜਮਾਨ ਫਰਹਾਨ ਹੱਕ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਨੂੰ ਪਤਾ ਹੈ ਕਿ ਤੁਸੀਂ ਕਰੋਨਾਵਾਇਰਸ ਮਹਾਮਾਰੀ ਦੇ ਲਗਾਤਾਰ ਵਧ ਰਹੇ ਕੇਸਾਂ ਦੌਰਾਨ ਸਾਡੇ ਵੱਲੋਂ ਭਾਰਤ ਨੂੰ ਦਿੱਤੀ ਜਾਣ ਵਾਲੀ ਮਦਦ ਬਾਰੇ ਪੁੱਛ ਰਹੇ ਹੋ। ਰੈਜ਼ੀਡੈਂਟ ਕੋਆਰਡੀਨੇਟਰ ਰੈਨੇਤਾ ਲੋਕ ਡੈਸਾਲੇਨ ਦੀ ਅਗਵਾਈ ਹੇਠ ਸਾਡੀ ਟੀਮ ਉੱਥੇ ਮਹਾਮਾਰੀ ਦਾ ਮੁਕਾਬਲਾ ਕਰਨ ਵਿਚ ਅਧਿਕਾਰੀਆਂ ਦੀ ਮਦਦ ਕਰ ਰਹੀ ਹੈ। ਸਾਡੀ ਟੀਮ ਵੱਲੋਂ ਉੱਥੇ ਸਥਾਨਕ ਸਰਕਾਰਾਂ ਨੂੰ ਉਪਕਰਨ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਸਪਲਾਈ ਕੀਤੀ ਜਾ ਰਹੀ ਹੈ।’’ -ਪੀਟੀਆਈ