ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 3 ਜਨਵਰੀ
ਵੈਨਕੂਵਰ ਦੇ ਮਹਿੰਗੇ ਹੋਟਲਾਂ ਵਿੱਚੋਂ ਇੱਕ ਟਰੰਪ ਹੋਟਲ ਨੂੰ ਚਾਰ ਮਹੀਨੇ ਪਹਿਲਾਂ ਪੱਕੇ ਤੌਰ ’ਤੇ ਤਾਲੇ ਲੱਗਣ ਮਗਰੋਂ ਹੁਣ ਉਥੇ ਉੱਲੂ ਬੋਲਣ ਲੱਗ ਪਏ ਹਨ। ਸ਼ਹਿਰ ਦੇ ਪੌਸ਼ ਇਲਾਕੇ ਜੌਰਜੀਆ ਸਟਰੀਟ ’ਤੇ 2700 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਸਾਲਾਂ ਵਿੱਚ ਬਣ ਕੇ ਤਿਆਰ ਹੋਏ ਇਸ ਹੋਟਲ ਦਾ ਨਾਂ ਹੀ ਇਸ ਨੂੰ ਲੈ ਡੁੱਬਿਆ ਹੈ। ਇੰਟਰਨੈਸ਼ਨਲ ਟਰੰਪ ਹੋਟਲ ਐਂਡ ਟਾਵਰਜ਼ ਦਾ ਨਿਰਮਾਣ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਐਰਿਕ ਟਰੰਪ ਤੇ ਪੁੱਤਰ ਡੋਨਲਡ ਜੂਨੀਅਰ ਦੀ ਮਾਲਕੀ ਵਾਲੀ ਕੰਪਨੀ ਟੀਏ ਹੋਟਲ ਮੈਨੇਜਮੈਂਟ ਨੇ 2012 ਵਿੱਚ ਸ਼ੁਰੂ ਕੀਤਾ ਸੀ। ਪੰਜ ਸਾਲਾਂ ਵਿੱਚ ਬਣ ਕੇ ਤਿਆਰ ਹੋਈ ਇਸ 617 ਫੁੱਟ ਉੱਚੀ, 63 ਮੰਜ਼ਿਲਾ ਇਮਾਰਤ ਵਿੱਚ 147 ਕਮਰੇ, 220 ਅਪਾਰਟਮੈਂਟ ਤੇ 346 ਵਾਹਨਾਂ ਦੀ ਪਾਰਕਿੰਗ ਬਣਾਈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫਰਵਰੀ 2017 ਵਿੱਚ ਇਸ ਹੋਟਲ ਦੀ ਸ਼ੁਰੂਆਤ ਕੀਤੀ ਗਈ, ਪਰ ਉਸ ਵੇਲੇ ਵੈਨਕੂਵਰ ਦੇ ਮੇਅਰ ਗਰੈਗਰ ਰੌਬਰਟਸਨ ਤੇ ਹੋਰ ਆਗੂਆਂ ਨੇ ਹੋਟਲ ਮਾਲਕਾਂ ਵੱਲੋਂ ਦਿੱਤੇ ਸੱਦੇ ਨਕਾਰ ਦਿੱਤੇ ਸਨ। ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਪਰਛਾਵੇਂ ਕਾਰਨ ਇਹ ਹੋਟਲ ਗਾਹਕਾਂ ਦੀ ਪਸੰਦ ਨਾ ਬਣ ਸਕਿਆ ਤੇ ਕਰੋਨਾ ਪਾਬੰਦੀਆਂ ਦੌਰਾਨ ਇਹ ਹੋਟਲ ਅਖੀਰ ਦਮ ਤੋੜ ਗਿਆ। ਬੀਤੇ ਅਪਰੈਲ ਮਹੀਨੇ ਵਿੱਚ ਹੋਟਲ ਅਸਥਾਈ ਤੇ ਅਗਸਤ ਵਿੱਚ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਗਿਆ, ਜਿਸ ਮਗਰੋਂ ਕੰਪਨੀ ਨੇ ਖ਼ੁਦ ਨੂੰ ਦੀਵਾਲੀਆ ਐਲਾਨ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਇਸ ਹੋਟਲ ਦੇ ਮੁੱਖ ਗੇਟ ’ਤੇ ਲਿਖੇ ਨਾਮ ਵਿੱਚੋਂ ‘ਟਰੰਪ’ ਸ਼ਬਦ ਹਟਾ ਦਿੱਤਾ ਗਿਆ ਸੀ। ਪਤਾ ਲਗਾ ਹੈ ਕਿ ਦੀਵਾਲੀਆ ਐਲਾਨਣ ਸਬੰਧੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਇਸ ਦੀ ਉਸਾਰੀ ਕਰਨ ਵਾਲੀ ਕੰਪਨੀ ਇਸ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾ ਰਹੀ ਹੈ। ਉਚਾਈ ਦੇ ਲਿਹਾਜ਼ ਨਾਲ ਇਸ ਹੋਟਲ ਦਾ ਵੈਨਕੂਵਰ ਵਿੱਚ ਦੂਜਾ ਨੰਬਰ ਹੈ ਤੇ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਵੀ ਇੱਕ ਹੋਟਲ ਦੀ ਹੈ ਤੇ ਇਸ ਹੋਟਲ ਤੋਂ 25 ਫੁੱਟ ਉੱਚੀ ਹੈ।